ਗੜ੍ਹਸ਼ੰਕਰ, ਮੀਡੀਆ ਬਿਊਰੋ:
ਗੜ੍ਹਸ਼ੰਕਰ ਦੇ ਪਿੰਡ ਪਦਰਾਣਾ ਵਿਚ ਸੋਮਵਾਰ ਰਾਤ ਅਤੇ ਮੰਗਲਵਾਰ ਸਵੇਰ ਦੇ ਦਰਮਿਆਨ ਸ਼ਰਾਰਤੀ ਅਨਸਰਾਂ ਵੱਲੋਂ ਭਗਵਾਨ ਸ਼ਿਵਾ ਦੀ ਮੂਰਤੀ ਦੀ ਭੰਨਤੋੜ ਕਰਨ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਰਮਨ ਕੁਮਾਰ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਹੁਸ਼ਿਆਰਪੁਰ ਚੰਡੀਗੜ੍ਹ ਮੁੱਖ ਮਾਰਗ ਤੋਂ ਲਿੰਕ ਰੋਡ ਨੂੰ ਮੁੜਦੇ ਪਿੰਡ ਦੇ ਮੋੜ ਤੇ ਸਥਿਤ ਸ਼ਮਸ਼ਾਨਘਾਟ ਵਿੱਚ ਭਗਵਾਨ ਸ਼ਿਵਾ ਦੀ ਮੂਰਤੀ ਸੁਸ਼ੋਭਿਤ ਹੈ। ਬੀਤੀ ਰਾਤ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਸ ਮੂਰਤੀ ਦੀ ਭੰਨਤੋੜ ਕਰਕੇ ਇਸ ਨੂੰ ਖੰਡਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਪਹਿਲਾਂ ਟਾਂਡਾ ਵਿਖੇ ਗਊਆਂ ਦੀ ਹੱਤਿਆ ਅਤੇ ਹੁਣ ਪਿੰਡ ਪਦਰਾਣਾ ਵਿਚ ਮੂਰਤੀ ਦੀ ਭੰਨਤੋੜ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਝੀ ਚਾਲ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਹੋਣਾ ਚਾਹੀਦਾ ਹੈ ਅਤੇ ਅਜਿਹੀ ਘਟਨਾ ‘ਤੇ ਤੁਰੰਤ ਕਾਰਵਾਈ ਕਰਕੇ ਮੁਲਜ਼ਮਾਂ ਨੂੰ ਕਾਬੂ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਦਾ ਮਾਹੌਲ ਵਿਗੜਨ ਤੋਂ ਬਚ ਸਕੇ।
ਘਟਨਾ ਸਥਾਨ ‘ਤੇ ਪਹੁੰਚੇ ਐਸਐਚਓ ਗੜ੍ਹਸ਼ੰਕਰ ਰਾਜੀਵ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੋਸ਼ੀਆਂ ਖ਼ਿਲਾਫ ਜਲਦ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।