ਓਮੀਕਰੋਨ ਤੋਂ ਪ੍ਰਭਾਵਿਤ ਮਰੀਜ਼ਾਂ ਵਿਚ ਹਲਕੇ ਲੱਛਣ ਪਾਏ ਗਏ- ਸੀ ਡੀ ਸੀ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-”ਸੈਂਟਰ ਫਾਰ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ” ( ਸੀ ਡੀ ਸੀ) ਨੇ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਹੁਣ ਤੱਕ ਆਏ ਮਾਮਲਿਆਂ ਬਾਰੇ ਦਸਦਿਆਂ ਕਿਹਾ ਹੈ ਕਿ ਜਿਆਦਾਤਾਰ ਮਾਮਲੇ ਪੂਰੀ ਤਰਾਂ ਟੀਕਾਕਰਣ ਕਰਵਾ ਚੁੱਕੇ ਲੋਕਾਂ ਵਿਚ ਪਾਏ ਗਏ ਹਨ ਤੇ ਇਨ੍ਹਾਂ ਲੋਕਾਂ ਵਿਚ ਹਲਕੇ ਲੱਛਣ ਵੇਖਣ ਨੂੰ ਮਿਲੇ ਹਨ। ਸੀ ਡੀ ਸੀ ਦੇ ਡਾਇਰੈਕਟਰ ਡਾਕਟਰ ਰੋਚੈਲ ਵਾਲੇਂਸਕੀ ਨੇ ਵਾਇਟ ਹਾਊਸ ਵਿਖੇ ਦੁਪਹਿਰ ਬਾਅਦ ਓਮੀਕਰੋਨ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਇਰਸ ਤੋਂ ਤਕਰੀਬਨ 80% ਉਹ ਲੋਕ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਨੇ ਕੋਰੋਨਾ ਤੋਂ ਬਚਾਅ ਲਈ ਮੁਕੰਮਲ ਵੈਕਸੀਨ ਲਵਾਈ ਹੋਈ ਹੈ। ਇਨ੍ਹਾਂ ਲੋਕਾਂ ਵਿਚ ਓਮੀਕਰੋਨ ਦਾ ਮੁਕਾਬਲਾ ਕਰਨ ਦੀ ਸਮਰੱਥਾ ਹੈ ਇਸ ਲਈ ਇਨ੍ਹਾਂ ਵਿਚ ਮਾਮੂਲੀ ਲੱਛਣ ਹੀ ਵੇਖਣ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ ਓਮੀਕਰੋਨ ਤੋਂ ਪ੍ਰਭਾਵਿਤ ਕੇਵਲ ਇਕ ਮਰੀਜ਼ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਓਮੀਕਰੋਨ ਤੋਂ ਪ੍ਰਭਾਵਿਤ ਲੋਕਾਂ ਵਿਚ 18 ਤੋਂ 39 ਸਾਲ ਦੇ ਲੋਕ ਸ਼ਾਮਿਲ ਹਨ ਤੇ ਇਨ੍ਹਾਂ ਵਿਚੋਂ ਇਕ ਤਿਹਾਈ ਲੋਕ ਦੂਸਰੇ ਦੇਸ਼ਾਂ ਵਿਚੋਂ ਮੁੜੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ ਅਮਰੀਕਾ ਦੇ 25 ਰਾਜਾਂ ਵਿਚ ਓਮੀਕਰੋਨ ਦੇ ਮਾਮਲੇ ਮਿਲੇ ਹਨ। ਸੀ ਡੀ ਸੀ ਵੱਲੋਂ ਓਮੀਕਰੋਨ ਤੋਂ ਬਚਾਅ ਲਈ ਵੈਕਸੀਨ ਦੀ ਤੀਸਰੀ ਬੂਸਟਰ ਖੁਰਾਕ ਲੈਣ ਲਈ ਕਿਹਾ ਗਿਆ ਹੈ। ਵਾਲੇਂਸਕੀ ਨੇ ਕਿਹਾ ਕਿ ਓਮੀਕਰੋਨ ਦੇ 14 ਮਾਮਲੇ ਬੂਸਟਰ ਵੈਕਸੀਨ ਲਵਾ ਚੁੱਕੇ ਲੋਕਾਂ ਵਿਚ ਵੀ ਮਿਲੇ ਹਨ ਪਰੰਤੂ ਇਨ੍ਹਾਂ ਨੇ ਹਾਲ ਹੀ ਵਿਚ ਬੂਸਟਰ ਵੈਕਸੀਨ ਲਵਾਈ ਹੈ ਇਸ ਲਈ ਹੋ ਸਕਦਾ ਹੈ ਕਿ ਇਸ ਨੇ ਅਜੇ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਨਾ ਸ਼ੁਰੂ ਨਾ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ” ਹਾਲਾਂ ਕਿ ਸਾਡੇ ਕੋਲ ਓਮੀਕਰੋਨ ਬਾਰੇ ਹਰ ਸਵਾਲ ਦਾ ਜਵਾਬ ਨਹੀਂ ਹੈ ਪਰੰਤੂ ਆਰੰਭਕ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਕੋਵਿਡ-19 ਬੂਸਟਰ ਖੁਰਾਕ ਇਸ ਵਾਇਰਸ ਵਿਰੁੱਧ ਵਧੇਰੇ ਕਾਰਗਰ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵੇਲੇ ਅਮਰੀਕਾ ਵਿਚ ਤਕਰੀਬਨ 99% ਮਾਮਲੇ ਡੈਲਟਾ ਵਾਇਰਸ ਦੇ ਹਨ।

Share This :

Leave a Reply