ਚੰਡੀਗੜ੍ਹ, ਮੀਡੀਆ ਬਿਊਰੋ:
ਕੋਰੋਨਾ ਮਹਾਮਾਰੀ ਕਾਰਨ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਮਿਡ-ਡੇ-ਮੀਲ ਬੰਦ ਕਰ ਦਿੱਤਾ ਗਿਆ ਸੀ, ਜੋ ਹੁਣ ਕਰੀਬ ਦੋ ਸਾਲਾਂ ਬਾਅਦ ਦੁਬਾਰਾ ਮਿਲਣਾ ਸ਼ੁਰੂ ਹੋ ਜਾਵੇਗਾ। ਮਿਡ-ਡੇ-ਮੀਲ ਦੁਬਾਰਾ ਪਕਾਇਆ ਜਾਵੇਗਾ ਅਤੇ ਮਈ ਦੇ ਆਖਰੀ ਹਫ਼ਤੇ ਸ਼ਹਿਰ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤਾ ਜਾਵੇਗਾ। ਹੋਟਲਾਂ ਦੀ ਬਜਾਏ ਸ਼ਹਿਰ ਵਿੱਚ ਸਕੂਲ ਵਿੱਚ ਬਣੀ ਰਸੋਈ ਵਿੱਚ ਹੀ ਮਿਡ-ਡੇ-ਮੀਲ ਬਣਾਇਆ ਜਾਵੇਗਾ। ਹਾਲਾਂਕਿ ਕੋਰੋਨਾ ਤੋਂ ਪਹਿਲਾਂ ਮਿਡ ਡੇ ਮਿੱਲ ਸ਼ਹਿਰ ਦੇ ਹੋਟਲਾਂ ‘ਚ ਤਿਆਰ ਹੋ ਕੇ ਸਕੂਲਾਂ ‘ਚ ਪਹੁੰਚਦੀ ਸੀ। ਸਕੂਲਾਂ ਵਿੱਚ ਰਸੋਈ ਚਲਾਉਣ ਦੀ ਜ਼ਿੰਮੇਵਾਰੀ ਸਕੂਲ ਅਧਿਆਪਕ ਨੂੰ ਦਿੱਤੀ ਜਾਵੇਗੀ। ਜੋ ਕਿ ਰੋਜ਼ਾਨਾ ਮੇਨੂ ਤਿਆਰ ਕਰਨ ਤੋਂ ਲੈ ਕੇ ਭੋਜਨ ਤਿਆਰ ਕਰਨ ਅਤੇ ਫਿਰ ਵਿਦਿਆਰਥੀਆਂ ਨੂੰ ਖਾਣਾ ਖੁਆਉਣ ਤਕ ਦਾ ਸਾਰਾ ਕਾਰਜਕ੍ਰਮ ਕਾਇਮ ਰੱਖੇਗਾ। ਮਿਡ-ਡੇ-ਮੀਲ ਦਾ ਭੋਜਨ ਵੱਖ-ਵੱਖ ਰਾਜਾਂ ਦੇ ਪਕਵਾਨਾਂ ਅਨੁਸਾਰ ਤਿਆਰ ਕੀਤਾ ਜਾਵੇਗਾ ਅਤੇ ਇਹ ਪੌਸ਼ਟਿਕ ਵੀ ਹੋਵੇਗਾ।
116 ਸਕੂਲਾਂ ਵਿੱਚ 70 ਹਜ਼ਾਰ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਮਿਲੇਗਾ
ਸ਼ਹਿਰ ਦੇ 116 ਸਰਕਾਰੀ ਸਕੂਲਾਂ ਵਿੱਚ 70 ਹਜ਼ਾਰ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਬਣਾਇਆ ਜਾਵੇਗਾ। ਵਰਨਣਯੋਗ ਹੈ ਕਿ ਸਿੱਖਿਆ ਦਾ ਅਧਿਕਾਰ ਕਾਨੂੰਨ ਤਹਿਤ 14 ਸਾਲ ਤਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ, ਵਰਦੀਆਂ ਅਤੇ ਇੱਕ ਸਮੇਂ ਦਾ ਖਾਣਾ ਦਿੱਤਾ ਜਾਂਦਾ ਹੈ। ਸ਼ਹਿਰ ਦੇ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਤਕ ਪੜ੍ਹਦੇ ਵਿਦਿਆਰਥੀਆਂ ਦੀ ਗਿਣਤੀ 70 ਹਜ਼ਾਰ ਦੇ ਕਰੀਬ ਹੈ, ਜਿਨ੍ਹਾਂ ਲਈ ਮਿਡ-ਡੇ-ਮੀਲ ਤਿਆਰ ਕੀਤਾ ਜਾਵੇਗਾ।
ਗਰਮੀਆਂ ਦੀਆਂ ਛੁੱਟੀਆਂ ਜੂਨ ਵਿੱਚ ਹੋਣਗੀਆਂ
ਮਈ ਦੇ ਆਖ਼ਰੀ ਹਫ਼ਤੇ ਵਿੱਚ ਮਿਡ ਡੇ ਮੀਲ ਰਸੋਈ ਸ਼ੁਰੂ ਕਰਨ ਦਾ ਇੱਕ ਕਾਰਨ ਸਕੂਲ ਵਿੱਚ ਚੱਲ ਰਹੀ ਰਸੋਈ ਦੀ ਜਾਂਚ ਕਰਨਾ ਹੈ। ਦੱਸਣਯੋਗ ਹੈ ਕਿ 1 ਜੂਨ ਤੋਂ ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ 37 ਦਿਨਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਹੋਣਗੀਆਂ। ਛੁੱਟੀਆਂ ਦੌਰਾਨ ਮਿਡ-ਡੇ-ਮੀਲ ਰਸੋਈ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਇਸ ਰਸੋਈ ਨੂੰ ਮਈ ਦੇ ਆਖਰੀ ਹਫ਼ਤੇ ਸ਼ੁਰੂ ਕਰਨ ਦੀ ਯੋਜਨਾ ਹੈ। ਅਜਿਹੇ ‘ਚ ਜੇਕਰ ਕੁਝ ਬਦਲਾਅ ਕਰਨੇ ਹਨ ਤਾਂ ਸਕੂਲ ‘ਚ ਛੁੱਟੀਆਂ ਦੌਰਾਨ ਵੀ ਕੀਤੇ ਜਾ ਸਕਦੇ ਹਨ।