ਖੰਨਾ (ਪਰਮਜੀਤ ਸਿੰਘ ਧੀਮਾਨ) – ਇਥੋਂ ਦੇ ਅਧੂਰੇ ਪਏ ਸੀਵਰੇਜ ਪ੍ਰੋਜੈਕਟ ਨੂੰ ਲੈ ਕੇ ਕੌਂਸਲਰਾਂ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ’ਚ ਟਕਰਾਅ ਵੱਧਦਾ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਕੌਂਸਲ ਦਫ਼ਤਰ ਪ੍ਰਧਾਨ ਜਤਿੰਦਰ ਪਾਠਕ ਦੀ ਅਗਵਾਈ ਹੇਠਾਂ ਹੋਈ ਮੀਟਿੰਗ ’ਚ ਪੁੱਜੇ ਅਧਿਕਾਰੀਆਂ ਨੂੰ ਕੌਂਸਲਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਤਾਂ ਅਧਿਕਾਰੀ ਬੈਠਕ ਛੱਡ ਕੇ ਦਫ਼ਤਰ ਤੋਂ ਬਾਹਰ ਨਿਕਲ ਗਏ, ਪ੍ਰਤੂੰ ਕੌਂਸਲਰਾਂ ਨੇ ਉਨ੍ਹਾਂ ਨੂੰ ਕਾਰ ’ਚ ਬੈਠਣ ਤੋਂ ਪਹਿਲਾ ਘੇਰ ਲਿਆ ਅਤੇ ਕੌਂਸਲ ਪਾਰਕਿੰਗ ’ਚ ਹੋਈ ਤਕਰਾਰ ਉਪਰੰਤ ਅਧਿਕਾਰੀ ਮੁੜ ਮੀਟਿੰਗ ਵਿਚ ਬੈਠ ਗਏ। ਇਸ ਮੌਕੇ ਕੌਂਸਲਰਾਂ ਨੇ ਸੀਵਰੇਜ ਬੋਰਡ ਦੇ ਐਕਸੀਅਨ ਜੀ.ਪੀ ਸਿੰਘ, ਐਸਡੀਓ ਗੁਰਤੇਜ ਸਿੰਘ, ਸੁਖਪਾਲ ਸਿੰਘ ਤੇ ਜੇਈ ਪਰਮਜੀਤ ਸਿੰਘ ਤੇ ਠੇਕੇਦਾਰ ਨਾਲ ਮਿਲੀਭੁਗਤ ਕਰਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਦੇ ਗੰਭੀਰ ਦੋਸ਼ ਲਾਏ।
ਰੇਲਵੇ ਲਾਈਨੋਂ ਪਾਰ ਇਲਾਕੇ ਦੇ ਵਾਰਡ-6 ਤੋਂ ਕੌਂਸਲਰ ਸੁਨੀਲ ਕੁਮਾਰ ਨੀਟਾ ਨੇ ਕਿਹਾ ਕਿ ਨਜਾਇਜ਼ ਕਲੋਨੀਆਂ ਵਿਚ ਸੀਵਰੇਜ ਬੋਰਡ ਦੇ ਠੇਕੇਦਾਰ ਦੀ ਮਿਲੀਭੁਗਤ ਨਾਲ ਪਾਈਪ ਲਾਈਨ ਵਿਛਾਈ ਅਤੇ ਡਿਟੇਲ ਪ੍ਰੋਜੈਕਟ ਰਿਪੋਰਟ ਦੀਆਂ ਧੱਜੀਆਂ ਉਡਾਈਆਂ ਗਈਆਂ। ਵਾਰਡ-18 ਤੋਂ ਕੌਂਸਲਰ ਹਰਦੀਪ ਸਿੰਘ ਨੀਨੂੰ ਨੇ ਕਿਹਾ ਕਿ ਛੋਟਾ ਖੰਨਾ ਰੋਡ ਤੇ ਨਜਾਇਜ਼ ਕਲੋਨੀਆਂ ਵਿਚ ਸੀਵਰੇਜ਼ ਪਾ ਦਿੱਤਾ ਗਿਆ। ਇਸ ਤੋਂ ਇਲਾਵਾ 5-7 ਏਕੜ ਬਿਨ੍ਹਾਂ ਰਿਹਾਇਸ਼ ਜ਼ਮੀਨ ਜੋ ਖੱਟੜਾ ਨੂੰ ਲੱਗਦੀ ਸੀ, ਉੱਥੇ ਵੀ ਸੀਵਰੇਜ ਪਾਇਆ ਗਿਆ।
ਇਸ ਮੌਕੇ ਅਧਿਕਾਰੀਆਂ ਨੇ ਛੋਟਾ ਖੰਨਾ ਇਲਾਕੇ ਦੇ ਖੇਤਾਂ ਵਿਚ ਪਾਏ ਸੀਵਰੇਜ ਦੀ ਮੌਕੇ ’ਤੇ ਜਾਂਚ ਕਰਨ ਦੀ ਗੱਲ ਕਹੀ ਅਤੇ ਮੀਟਿੰਗ ਵਿਚੋਂ ਬਾਹਰ ਨਿਕਲ ਗਏ। ਇਸ ਦੇ ਨਾਲ ਹੀ ਅਧਿਕਾਰੀ ਆਪਣੇ ਨਾਲ ਡੀਪੀਆਰ ਨਹੀਂ ਲੈ ਕੇ ਆਏ ਤੇ ਟਾਲ ਮਟੋਲ ਕੀਤੀ ਗਈ। ਇਸ ਮੌਕੇ ਕੌਂਸਲਰ ਅਮਰੀਸ਼ ਕਾਲੀਆ, ਸੰਦੀਪ ਘਈ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਇਸ ਸਬੰਧੀ ਸੀਵਰੇਜ ਬੋਰਡ ਦੇ ਐਕਸੀਅਨ ਜੀ. ਪੀ. ਸਿੰਘ ਨੇ ਕਿਹਾ ਕਿ ਨਗਰ ਕੌਂਸਲ ਦੀ ਹੱਦ ਅਧੀਨ ਹੀ ਸੀਵਰੇਜ ਪਾਉਣਾ ਸੀ ਅਤੇ ਬੋਰਡ ਨੇ ਉੱਥੇ ਹੀ ਕੰਮ ਕੀਤਾ ਹੈ। ਕੌਂਸਲ ਅਧਿਕਾਰੀਆਂ ਦੇ ਸਲਾਹ ਮਸ਼ਵਰੇ ਉਪਰੰਤ ਹੀ ਸੀਵਰੇਜ ਪਾਈਪ ਵਿਛਾਈ ਜਾਂਦੀ ਸੀ ਤੇ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਧੂਰੇ ਕੰਮ ਲਈ ਹੋਰ ਟੈਂਡਰ ਲਾਏ ਜਾ ਰਹੇ ਹਨ, ਛੋਟੇ ਕੰਮ ਜਲਦ ਸ਼ੁਰੂ ਹੋ ਜਾਣਗੇ ਅਤੇ ਵੱਡੇ ਕੰਮ ਟੈਂਡਰ ਲੱਗਣ ਉਪਰੰਤ ਹੋਣਗੇ।