ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਰਾਜਧਾਨੀ ਲੰਡਨ ਦੇ ਇੱਕ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਰੇਲਵੇ ਸਟੇਸ਼ਨ ਦੇ ਨੇੜੇ ਜਬਰਦਸਤ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਇਹ ਅੱਗ ਐਲੀਫੈਂਟ ਅਤੇ ਕੈਸਲ ਦੇ ਕੇਂਦਰੀ ਲੰਡਨ ਰੇਲਵੇ ਸਟੇਸ਼ਨ ਦੇ ਨੇੜੇ ਲੱਗੀ, ਜਿਸ ਨੇ ਵੱਡੀ ਪੱਧਰ ‘ਤੇ ਰਾਜਧਾਨੀ ਵਿੱਚ ਧੂੰਆਂ ਰੋਲ ਕਰੀ ਰੱਖਿਆ। ਲੰਡਨ ਫਾਇਰ ਬ੍ਰਿਗੇਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅੱਗ ਨੂੰ ਬੁਝਾਉਣ ਲਈ 15 ਅੱਗ ਬੁਝਾਉਣ ਵਾਲੀਆਂ ਗੱਡੀਆਂ ਅਤੇ 100 ਦੇ ਕਰੀਬ ਅੱਗ ਬੁਝਾਊ ਕਰਮਚਾਰੀਆਂ ਨੇ ਜੱਦੋਜਹਿਦ ਕੀਤੀ ਅਤੇ ਇਹ ਦੁਰਘਟਨਾ ਸਥਾਨ ਥੈਮਸ ਨਦੀ ਦੇ ਬਿਲਕੁਲ ਦੱਖਣ ਵਿੱਚ ਅਤੇ ਲੰਡਨ ਆਈ ਦੇ ਨੇੜੇ ਹੈ।
ਫਾਇਰ ਬ੍ਰਿਗੇਡ ਅਨੁਸਾਰ ਇਸ ਅੱਗ ਨਾਲ ਤਿੰਨ ਵਪਾਰਕ ਯੂਨਿਟਾਂ ਦੇ ਪੂਰੀ ਤਰ੍ਹਾਂ ਅੱਗ ਨਾਲ ਸੜ ਜਾਣ ਦੇ ਨਾਲ ਸਟੇਸ਼ਨ ਨੇੜੇ ਚਾਰ ਦੇ ਕਰੀਬ ਕਾਰਾਂ ਅਤੇ ਇੱਕ ਟੈਲੀਫੋਨ ਬਾਕਸ ਨੂੰ ਵੀ ਅੱਗ ਲੱਗ ਗਈ। ਅੱਗ ਨਾਲ ਪੈਦਾ ਹੋਏ ਧੂੰਏ ਤੋਂ ਬਚਣ ਲਈ ਇਸ ਖੇਤਰ ਦੇ ਲੋਕਾਂ ਨੂੰ ਦਰਵਾਜ਼ਿਆਂ ਅਤੇ ਖਿੜਕੀਆਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਗਈ। ਐਲੀਫੈਂਟ ਅਤੇ ਕੈਸਲ ਇੱਕ ਬੇਹੱਦ ਰੁਝੇਵੇਂ ਭਰਿਆ ਟ੍ਰੈਫਿਕ ਲਾਂਘਾ ਹੈ ਤੇ ਇਹ ਇੱਕ ਪ੍ਰਮੁੱਖ ਰੇਲਵੇ ਹੱਬ ਵੀ ਹੈ। ਇਸ ਅੱਗ ਲੱਗਣ ਦੀ ਘਟਨਾ ਨੂੰ ਸਥਾਨਕ ਪੁਲਿਸ ਨੇ ਕਿਸੇ ਤਰ੍ਹਾਂ ਦੀ ਅੱਤਵਾਦ ਨਾਲ ਜੁੜੀ ਘਟਨਾ ਨਹੀਂ ਮੰਨਿਆ ਹੈ ਅਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ।