ਅੰਮ੍ਰਿਤਸਰ ‘ਚ ਦਾਜ ਲਈ ਵਿਆਹੁਤਾ ਦੀ ਹੱਤਿਆ

ਅੰਮ੍ਰਿਤਸਰ, ਮੀਡੀਆ ਬਿਊਰੋ:

ਬਿਆਸ ‘ਚ ਸਹੁਰਿਆਂ ਨੇ ਦਾਜ ਲਈ ਵਿਆਹੁਤਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਦੋਸ਼ ਹੈ ਕਿ ਪਤੀ ਗੁਰਪ੍ਰੀਤ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਅਕਸਰ ਹੀ ਪਤਨੀ ਨੂੰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਦਾ ਸੀ। ਪੁਲੀਸ ਨੇ ਪਤੀ ਸਮੇਤ ਚਾਰਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ।

ਥਾਣਾ ਬਿਆਸ ਦੇ ਸਬ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਕਰਤਾਰਪੁਰ ਦੇ ਸਰਾਏ ਖਾਸ ਦੀ ਵਸਨੀਕ ਜਸਬੀਰ ਕੌਰ ਦੀ ਸ਼ਿਕਾਇਤ ‘ਤੇ ਜਵਾਈ ਗੁਰਪ੍ਰੀਤ ਸਿੰਘ ਉਰਫ਼ ਗੁਪਤਾ, ਜੀਜਾ ਸੰਨੀ, ਸਾਲੀ ਸ਼ਾਲੂ ਅਤੇ ਸੱਸ ਜਸਵਿੰਦਰ ਕੌਰ ਨੂੰ ਉਨ੍ਹਾਂ ਦੀ ਧੀ ਜੋਤੀ ਦੀ ਦਾਜ ਲਈ ਹੱਤਿਆ ਕਰਨ ਦੇ ਦੋਸ਼ ਵਿਚ ਨਾਮਜ਼ਦ ਕੀਤਾ ਹੈ।

ਜਸਬੀਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਲੜਕੀ ਜੋਤੀ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ। ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਵੀ ਦਿੱਤਾ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਪਤੀ ਤੇ ਉਸ ਦੇ ਪਰਿਵਾਰਕ ਮੈਂਬਰ ਜੋਤੀ ਨੂੰ ਘੱਟ ਦਾਜ ਲੈਣ ਲਈ ਤੰਗ ਕਰਨ ਲੱਗੇ। ਅਕਸਰ ਜਦੋਂ ਜੋਤੀ ਉਸ ਨਾਲ ਫੋਨ ‘ਤੇ ਗੱਲ ਕਰਦੀ ਸੀ ਤਾਂ ਉਹ ਆਪਣੇ ਸਹੁਰਿਆਂ ਦੇ ਪ੍ਰੇਸ਼ਾਨ ਹੋਣ ਦਾ ਜ਼ਿਕਰ ਕਰਦੀ ਸੀ। ਉਸ ਨੇ ਗੁਰਪ੍ਰੀਤ ਸਿੰਘ ਨੂੰ ਉਸ ਦੀ ਲੜਕੀ ਨੂੰ ਤੰਗ ਨਾ ਕਰਨ ਲਈ ਸਮਝਾਇਆ ਸੀ।

ਜੋਤੀ ਦੇ ਗਲ਼ੇ ‘ਤੇ ਸਨ ਰੱਸੀ ਦੇ ਨਿਸ਼ਾਨ

ਜਸਬੀਰ ਕੌਰ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਉਸ ਨੇ ਜੋਤੀ ਨੂੰ ਅਲਮਾਰੀ ਦਿੱਤੀ ਸੀ। 30 ਮਾਰਚ ਨੂੰ ਉਸ ਨੂੰ ਫ਼ੋਨ ‘ਤੇ ਦੱਸਿਆ ਗਿਆ ਕਿ ਜੋਤੀ ਦੀ ਤਬੀਅਤ ਠੀਕ ਨਹੀਂ ਹੈ ਅਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਉਹ ਪਰਿਵਾਰ ਸਮੇਤ ਹਸਪਤਾਲ ਪਹੁੰਚੀ ਤਾਂ ਜੋਤੀ ਨੂੰ ਹੋਸ਼ ਨਹੀਂ ਸੀ। ਉਸ ਦੇ ਗਲੇ ‘ਤੇ ਰੱਸੀ ਵਰਗੇ ਨਿਸ਼ਾਨ ਸਨ। ਜੋਤੀ ਦੀ ਐਤਵਾਰ ਨੂੰ ਹਸਪਤਾਲ ‘ਚ ਮੌਤ ਹੋ ਗਈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

Share This :

Leave a Reply