ਪੰਜਾਬ ਦੇ ਸਿਆਸੀ ਮੈਦਾਨ ‘ਚ ਅੱਜ ਉਤਰਨਗੇ ਕਈ ਦਿੱਗਜ

ਨੱਡਾ, ਪ੍ਰਿਅੰਕਾ ਤੇ ਰਾਹੁਲ ਕਰਨਗੇ ਰੈਲੀਆਂ; ਲੁਧਿਆਣੇ ‘ਚ ਕੇਜਰੀਵਾਲ ਦਾ ਰੋਡ ਸ਼ੋਅ

ਲੁਧਿਆਣਾ/ਫਰੀਦਕੋਟ/ਬਠਿੰਡਾ, ਮੀਡੀਆ ਬਿਊਰੋ:

ਪੰਜਾਬ ਦੀ ਸਿਆਸੀ ਜੰਗ ‘ਚ ਅੱਜ ਕਈ ਆਗੂ ਮੈਦਾਨ ‘ਚ ਉਤਰਨਗੇ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਮੰਗਲਵਾਰ ਨੂੰ ਫਰੀਦਕੋਟ ਤੇ ਭਾਜਪਾ ਪ੍ਰਧਾਨ ਜੇਪੀ ਨੱਡਾ (JP Nadda) ਬਠਿੰਡਾ ‘ਚ ਰੈਲੀ ਕਰਨਗੇ। ਇਸ ਦੇ ਨਾਲ ਹੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਮਾਲਵਾ ਖੇਤਰ ਦੇ ਮਾਨਸਾ ‘ਚ ਰੈਲੀ ਕਰਨਗੇ। ਰਾਹੁਲ ਗਾਂਧੀ (Rahul Gandhi) ਮਾਨਸਾ ਦੀ ਅਨਾਜ ਮੰਡੀ ਵਿਖੇ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Shubhdeep Singh Sidhu Moose Wala)ਦੇ ਹੱਕ ਵਿੱਚ ਰੈਲੀ ਕਰਨਗੇ। ਸੋਮਵਾਰ ਨੂੰ ਹੁਸ਼ਿਆਰਪੁਰ ‘ਚ ਉਨ੍ਹਾਂ ਨੇ ਨਸ਼ਿਆਂ ਦੇ ਮੁੱਦੇ ‘ਤੇ ਭਾਜਪਾ ਤੇ ਅਕਾਲੀ ਦਲ ਨੂੰ ਘੇਰਿਆ ਸੀ। ਪ੍ਰਿਅੰਕਾ ਗਾਂਧੀ (Priyanka Gandhi) ਵੀ ਅੱਜ ਪੰਜਾਬ ਦੌਰੇ ‘ਤੇ ਹਨ ਤੇ ਉਹ ਗੁਰੂ ਨਗਰੀ ਅੰਮ੍ਰਿਤਸਰ ‘ਚ ਨਵਜੋਤ ਸਿੰਘ ਸਿੱਧੂ ਦੇ ਹੱਕ ‘ਚ ਪ੍ਰਚਾਰ ਕਰਨਗੇ।

ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੁਧਿਆਣਾ ‘ਚ ਦੋ ਥਾਵਾਂ ‘ਤੇ ਰੋਡ ਸ਼ੋਅ ਕਰਨਗੇ। ਸਵੇਰੇ 10 ਵਜੇ ਰਾਹੋਂ ਰੋਡ ਤੋਂ ਰੋਡ ਸ਼ੋਅ ਸ਼ੁਰੂ ਹੋਵੇਗਾ, ਜੋ ਥਾਣਾ ਡਵੀਜ਼ਨ ਨੰਬਰ ਤਿੰਨ ਦੇ ਬਾਹਰ ਸਮਾਪਤ ਹੋਵੇਗਾ। ਉਸ ਤੋਂ ਬਾਅਦ ਦੁਪਹਿਰ 12 ਵਜੇ ਗਿੱਲ ਰੋਡ, ਏ.ਟੀ.ਆਈ.ਕਾਲਜ ਦੇ ਬਾਹਰ ਦੱਖਣੀ ਸਾਈਡ ਵਾਲੇ ਪਾਸੇ ਸਾਈਂ ਮਾਰਕੀਟ ਤਕ ਰੋਡ ਸ਼ੋਅ ਕਰਨਗੇ।

ਭਗਵੰਤ ਮਾਨ ਮਾਲਵੇ ‘ਚ ਹੀ ਰਹਿਣਗੇ

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਮਾਲਵੇ ‘ਚ ਹੀ ਰਹਿਣਗੇ। ਉਹ ਬਠਿੰਡਾ ‘ਚ ਤਿੰਨ ਥਾਵਾਂ ‘ਤੇ ਚੋਣ ਪ੍ਰਚਾਰ ਕਰਨਗੇ। ਪ੍ਰਿਅੰਕਾ ਗਾਂਧੀ ਵੀ ਪਹਿਲੀ ਵਾਰ ਅੰਮ੍ਰਿਤਸਰ ਆ ਰਹੀ ਹੈ। ਉਹ ਅੰਮ੍ਰਿਤਸਰ ਪੂਰਬੀ ‘ਚ ਨਵਜੋਤ ਸਿੰਘ ਸਿੱਧੂ ਦੇ ਹੱਕ ‘ਚ ਰੈਲੀ ਕਰੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਠਿੰਡਾ ਦੌਰਾ 15 ਫਰਵਰੀ ਨੂੰ ਹੋਣਾ ਸੀ ਪਰ ਕੁਝ ਕਾਰਨਾਂ ਕਰਕੇ ਇਸ ਨੂੰ ਟਾਲ ਦਿੱਤਾ ਗਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫਰੀਦਕੋਟ ਰੈਲੀ ਵੀ ਮੁਲਤਵੀ ਕਰ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਜੀ ਰੈਲੀ ਬੁੱਧਵਾਰ ਨੂੰ ਪਠਾਨਕੋਟ ‘ਚ ਹੋਵੇਗੀ।

Share This :

Leave a Reply