ਲਹਿਰਾਗਾਗਾ, ਮੀਡੀਆ ਬਿਊਰੋ:
ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡੀਐੱਸਪੀ ਮਨੋਜ ਗੋਰਸੀ ਦੀ ਅਗਵਾਈ ‘ਚ ਗਠਿਤ ਕੀਤੀ ਗਈ ਟੀਮ ਵੱਲੋਂ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਨੂੰ ਫੋਨ ‘ਤੇ ਗੋਲ਼ੀ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਡੀਐਸਪੀ ਮਨੋਜ ਗੋਰਸੀ ਨੇ ਦੱਸਿਆ ਕਿ ਵਿਧਾਇਕ ਨੂੰ ਧਮਕੀ ਦੇਣ ਦੇ ਮਾਮਲੇ ਨੂੰ ਪੁਲਿਸ ਵੱਲੋਂ ਪੂਰੀ ਸੰਜੀਦਗੀ ਨਾਲ ਲਿਆ ਗਿਆ ਤੇ ਤੁਰੰਤ ਐਕਸ਼ਨ ਲੈਂਦੇ ਹੋਏ ਫੋਨ ਕਰਨ ਵਾਲੇ ਵਿਅਕਤੀ ਨੂੰ ਬੀਤੀ ਰਾਤ ਸੰਗਰੂਰ ਤੋਂ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।ਮੁਲਜ਼ਮ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ। ਮੁਲਜ਼ਮ ਦੀ ਪਛਾਣ ਰਿਤੇਸ਼ ਕੁਮਾਰ ਪੁੱਤਰ ਲੀਲਾ ਰਾਮ ਵਾਸੀ ਰਾਮਨਗਰ ਬਸਤੀ ਸੰਗਰੂਰ ਵਜੋਂ ਹੋਈ ਹੈ।
ਪੁੱਛਗਿੱਛ ਅਤੇ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਰੈਡੀਸਨ ਹੈਲਥ ਕੇਅਰ ਬਿਊਟੀ ਪ੍ਰੋਡਕਟ ਵੇਚਣ ਦਾ ਕੰਮ ਕਰਦਾ ਹੈ ਜੋ ਕਰੀਬ ਅੱਠ ਸਾਲ ਪਹਿਲਾਂ ਆਪਣੀ ਪਤਨੀ ਤੋਂ ਤਲਾਕ ਲੈ ਚੁੱਕਾ ਹੈ ਅਤੇ ਸੰਗਰੂਰ ਵਿਖੇ ਇਕੱਲਾ ਰਹਿੰਦਾ ਹੈ। ਦੋਸ਼ੀ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ। ਮਾਮਲੇ ਸਬੰਧੀ ਕਈ ਹੋਰ ਤੱਤ ਸਾਹਮਣੇ ਆਉਣ ‘ਤੇ ਜ਼ਾਬਤੇ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਆਈਪੀਐੱਸ ਕਪਤਾਨ ਪੁਲਿਸ ਸੰਗਰੂਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਜ਼ਿਲ੍ਹਾ ਸੰਗਰੂਰ ਵਿਚ ਕਿਸੇ ਵੀ ਗੈਰ ਸਮਾਜਿਕ ਅਨਸਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਚਿਤਾਵਨੀ ਵੀ ਦਿੱਤੀ।
ਇਹ ਹੈ ਪੂਰਾ ਮਾਮਲਾ
ਆਮ ਆਦਮੀ ਪਾਰਟੀ (AAP) ਨਾਲ ਸਬੰਧਤ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਗੋਇਲ (Barinder Goyal) ਨੂੰ ਗੋਲ਼ੀ ਮਾਰ ਦੇਣ ਦੀ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਆਮ ਆਦਮੀ ਪਾਰਟੀ ਨਾਲ ਸਬੰਧਿਤ ਹਲਕਾ ਲਹਿਰਾਗਾਗਾ ਦੇ ਐਮਐਲਏ ਬਰਿੰਦਰ ਗੋਇਲ ਨੂੰ ਉਨ੍ਹਾਂ ਦੇ ਨਿੱਜੀ ਮੋਬਾਈਲ ਫੋਨ ‘ਤੇ ਗੋਲ਼ੀ ਮਾਰਨ ਦੀ ਧਮਕੀ ਦਿੱਤੀ ਗਈ ਸੀ। ਗੋਇਲ ਦੇ ਓਐਸਡੀ ਰਕੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਐਤਵਾਰ ਨੂੰ ਪ੍ਰੋਗਰਾਮਾਂ ‘ਚ ਰੁੱਝੇ ਹੋਏ ਸੀ ਕਿਉਂਕਿ ਨਰਾਤਿਆਂ ਦੇ ਚਲਦੇ ਮਹਾਮਾਈ ਦੇ ਜਾਗਰਣਾਂ ‘ਚ ਹਾਜ਼ਰੀ ਲਵਾ ਰਹੇ ਸੀ। ਉਸ ਸਮੇਂ ਦੌਰਾਨ ਰਾਤੀਂ ਨੌਂ ਵੱਜ ਕੇ ਵੀਹ ਮਿੰਟ ‘ਤੇ ਇੱਕ ਫੋਨ ਆਇਆ। ਜੋ ਉਨ੍ਹਾਂ ਵੱਲੋਂ ਚੁੱਕਿਆ ਨਾ ਗਿਆ। ਦੋਬਾਰਾ ਫੋਨ ਚੁੱਕਣ ‘ਤੇ ਉਸ ਵਿਅਕਤੀ ਨੇ ਬਹੁਤ ਗੰਦੀ ਗਾਲ੍ਹ ਕੱਢੀ। ਉਸ ਤੋਂ ਬਾਅਦ ਕਿਹਾ ਕਿ ਦੋ ਦਿਨਾਂ ਦੇ ਅੰਦਰ-ਅੰਦਰ ਹਲਕਾ ਲਹਿਰਾ ਦੇ ਐੱਮਐੱਲਏ ਵਰਿੰਦਰ ਗੋਇਲ ਦੇ ਗੋਲ਼ੀ ਮਾਰ ਦਿੱਤੀ ਜਾਵੇਗੀ। 5 – 6 ਮਿੰਟ ਉਸ ਨਾਲ ਪੂਰੀ ਗਰਮਾ ਗਰਮੀ ਵੀ ਹੋਈ ਤੇ ਉਨ੍ਹਾਂ ਨੇ ਉਸ ਦਾ ਫੋਨ ਕੱਟ ਦਿੱਤਾ। ਬਾਅਦ ਵਿਚ ਜਦੋਂ ਉਨ੍ਹਾਂ ਨੇ ਟਰੂ ਕਾਲਰ ‘ਤੇ ਦੇਖਿਆ ਤਾਂ ਸ਼ਿੰਪੀ ਸਿੰਗਲਾ ਸ਼ੋਅ ਕਰ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਐੱਸਐੱਚਓ ਤੇ ਡੀਐਸਪੀ ਲਹਿਰਾ ਨੂੰ ਸੂਚਨਾ ਦਿੱਤੀ। ਡੀਐੱਸਪੀ ਲਹਿਰਾ ਮਨੋਜ ਗੋਰਸੀ ਨੇ ਕੁਝ ਸਮੇਂ ਬਾਅਦ ਦੱਸਿਆ ਕਿ ਇਹ ਵਿਅਕਤੀ ਸੰਗਰੂਰ ਏਰੀਏ ਦਾ ਹੈ ਜਿਸ ਦਾ ਜਲਦੀ ਪਤਾ ਲਗਾ ਲਿਆ ਜਾਵੇਗਾ। ਐੱਮਐੱਲਏ ਵਰਿੰਦਰ ਗੋਇਲ ਨੇ ਇਸ ਬਾਰੇ ਕਿਹਾ ਕਿ ਪਹਿਲਾਂ ਵੀ 1993 ‘ਚ ਉਨ੍ਹਾਂ ‘ਤੇ ਗੋਲ਼ੀ ਚਲਾਈ ਗਈ ਸੀ। ਉਹ ਨਾ ਉਦੋਂ ਘਬਰਾਏ ਤੇ ਨਾ ਹੀ ਹੁਣ ਡਰਦੇ ਹਨ।