ਪਟਿਆਲਾ (ਮੀਡੀਆ ਬਿਊਰੋ): ਸਰਕਾਰੀ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਾਰਡ ‘ਚ ਮਾਂ ਦੀ ਮਮਤਾ ਨੂੰ ਸਰਮਸ਼ਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਕਿਸੇ ਮਾਂ ਨੇ ਆਪਣੇ ਨਵਜੰਮੇ ਬੱਚੇ ਨੂੰ ਐਮਰਜੈਂਸੀ ਕੋਲ ਬਾਥਰੂਮਾਂ ਨੇੜੇ ਲਿਫ਼ਾਫ਼ੇ ‘ਚ ਪਾ ਕੇ ਸੁੱਟ ਦਿੱਤਾ, ਜਿਸ ਦੀ ਠੰਡ ਕਾਰਨ ਮੌਤ ਹੋ ਗਈ। ਇਸ ਨਵਜੰਮੇ ਬੱਚੇ ਨੂੰ ਸਫ਼ਾਈ ਸੇਵਕ ਨੇ ਦੇਖਿਆ ਤੇ ਤੁਰੰਤ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਮਾਡਲ ਟਾਊਨ ਚੌਂਕੀ ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਪੁਲਸ ਨੇ ਬੱਚੇ ਨੂੰ ਕਬਜ਼ੇ ‘ਚ ਲੈ ਲਿਆ ਅਤੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ। ਇਸ ਮਾਮਲੇ ਵਿਚ ਪੁਲਸ ਨੇ ਮੁਨੀਸ਼ ਕੁਮਾਰ ਪੁੱਤਰ ਮਦਨ ਗੋਪਾਲ ਵਾਸੀ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮੁਨੀਸ਼ ਨੇ ਪੁਲਸ ਨੂੰ ਦੱਸਿਆ ਕਿ ਉਹ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਸਫ਼ਾਈ ਦਾ ਕੰਮ ਕਰਦਾ ਹੈ। ਜਦੋਂ ਉਹ ਰਾਤ ਦੇ ਸਮੇਂ ਐਮਰਜੈਂਸੀ ਵਾਰਡ ‘ਚ ਸਫ਼ਾਈ ਦਾ ਕੰਮ ਕਰ ਰਿਹਾ ਸੀ ਤਾਂ ਬਾਥਰੂਮਾਂ ਕੋਲ ਇਕ ਨਵਜੰਮੇ ਬੱਚੇ ਨੂੰ ਲਿਫ਼ਾਫ਼ੇ ‘ਚ ਪਾ ਕੇ ਸੁੱਟਿਆ ਹੋਇਆ ਸੀ। ਜਦੋਂ ਉਸ ਨੂੰ ਚੈੱਕ ਕੀਤਾ ਗਿਆ ਤਾਂ ਉਸ ਬੱਚੇ ਦੀ ਮੌਤ ਹੋ ਗਈ ਸੀ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖੀਆਂ ਜਾ ਰਹੀਆਂ ਹਨ ਪਰ ਅਜੇ ਤੱਕ ਇਸ ਮਾਮਲੇ ‘ਚ ਕੋਈ ਸੁਰਾਗ ਹੱਥ ਨਹੀਂ ਲੱਗਿਆ ਹੈ।