ਮੋਗਾ ਦੇ ਡਿਪਟੀ ਮੇਅਰ ਦੇ ਥੱਪੜ ਮਾਰਨ ਦੇ ਮਾਮਲੇ ‘ਚ ਲੁਧਿਆਣਾ ਦੇ ਥਾਣਾ ਮੁਖੀ ‘ਤੇ ਵੱਡੀ ਕਾਰਵਾਈ

ਮੋਗਾ (ਮੀਡੀਆ ਬਿਊਰੋ) ਲੰਘੀ ਸ਼ਾਮ ਲੁਧਿਆਣਾ ਤੋਂ ਮੋਗਾ ਪੁੱਜੀ ਪੁਲਸ ਵੱਲੋਂ ਚੋਰੀ ਦੇ ਮੋਟਰਸਾਈਕਲ ਬਰਾਮਦ ਕਰਵਾਉਣ ਸਮੇਂ ਕਥਿਤ ਤੌਰ ‘ਤੇ ਮਾਮਲੇ ਸਬੰਧੀ ਦੁਕਾਨਦਾਰ ਵੱਲੋਂ ਗੱਲਬਾਤ ਕਰਵਾਉਣ ਲਈ ਸੱਦੇ ਨਗਰ ਨਿਗਮ ਮੋਗਾ ਦੇ ਡਿਪਟੀ ਮੇਅਰ ਅਤੇ ਕਬਾੜ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਧਮੀਜਾ ਅਤੇ ਬਿਨਾਂ ਕਿਸੇ ਗੱਲਬਾਤ ਤੋਂ ਲੁਧਿਆਣਾ ਡਵੀਜ਼ਨ ਨੰਬਰ 5 ਦੇ ਮੁਖੀ ਕੁਲਦੀਪ ਸਿੰਘ ਵੱਲੋਂ ਮਾਰੇ ਥੱਪੜ ਦੇ ਮਾਮਲੇ ਸਬੰਧੀ ਜਿੱਥੇ ਸ਼ਹਿਰੀਆਂ ਵਿਚ ਇਕਦਮ ਰੋਸ ਪੈਦਾ ਹੋ ਗਿਆ ਸੀ, ਉੱਥੇ ਲੰਘੀ ਰਾਤ ਚੰਡੀਗੜ੍ਹ ਵਿਖੇ ਜ਼ਰੂਰੀ ਰੁਝੇਵਿਆਂ ਦੇ ਬਾਵਜੂਦ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਤੁਰੰਤ ਮੋਗਾ ਪੁੱਜ ਗਏ ਅਤੇ ਉਹ ਆਪਣੇ ਸਾਥੀਆਂ ਸਮੇਤ ਅੱਧੀ ਰਾਤ ਧਰਨੇ ‘ਤੇ ਬੈਠ ਗਏ। ਵਿਧਾਇਕ ਹਰਜੋਤ ਕਮਲ ਨੇ ਸਪੱਸ਼ਟ ਕੀਤਾ ਕਿ ਉਹ ਇਸ ਮਾਮਲੇ ਦੀ ਨਿੰਦਾ ਤਾਂ ਕਰਦੇ ਹੀ ਹਨ ਸਗੋਂ ਉਹ ਉਦੋਂ ਤੱਕ ਧਰਨੇ ‘ਤੇ ਬੈਠੇ ਰਹਿਣਗੇ ਜਦੋਂ ਤੱਕ ਸਾਡੇ ਸਾਥੀ ਡਿਪਟੀ ਮੇਅਰ ਨੂੰ ਇਨਸਾਫ਼ ਨਹੀਂ ਮਿਲਦਾ।

ਇਸ ਤਰ੍ਹਾਂ ਦੀ ਸਥਿਤੀ ਮਗਰੋਂ ਆਖਿਰਕਾਰ ਇਹ ਮਾਮਲਾ ਜ਼ਿਲ੍ਹਾ ਪੁਲਸ ਮੁਖੀ ਧਰੂਮਨ ਐੱਚ. ਨਿੰਬਲੇ ਦੇ ਦਰਬਾਰ ਪੁੱਜ ਗਿਆ ਅਤੇ ਪੁਲਸ ਪ੍ਰਸ਼ਾਸਨ ਨੇ ਧਰਨਾਕਾਰੀਆਂ ਦੇ ਸੰਘਰਸ਼ ਮੂਹਰੇ ਝੁਕਦਿਆਂ ਥਾਣਾ ਮੁਖੀ ਕੁਲਦੀਪ ਸਿੰਘ ਵਿਰੁੱਧ ਮਾਮਲਾ ਥਾਣਾ ਸਿਟੀ ਮੋਗਾ 1 ਵਿਖੇ ਦਰਜ ਕਰ ਲਿਆ। ਭਾਵੇਂ ਥਾਣਾ ਮੁਖੀ ਕੁਲਦੀਪ ਸਿੰਘ ਨੇ ਜਨਤਕ ਤੌਰ ‘ਤੇ ਇਹ ਕਹਿ ਕੇ ਮੁਆਫ਼ੀ ਮੰਗ ਲਈ ਸੀ, ਪਰ ਫ਼ਿਰ ਵੀ ਪੁਲਸ ਨੇ ਮਾਮਲਾ ਦਰਜ ਕਰ ਲਿਆ। ਵਿਧਾਇਕ ਡਾ. ਹਰਜੋਤ ਕਮਲ ਦਾ ਕਹਿਣਾ ਸੀ ਕਿ ਪਹਿਲਾ ਮੇਰੇ ਸ਼ਹਿਰੀ ਮੈਨੂੰ ਪਿਆਰੇ ਹਨ ਅਤੇ ਇਸੇ ਲਈ ਵਿਧਾਇਕ ਆਪ 3 ਵਜੇ ਤੱਕ ਸੰਘਰਸ਼ ਵਿਚ ਖੜ੍ਹੇ ਰਹੇ।

ਇਸੇ ਦੌਰਾਨ ਹੀ ਅੱਜ ਹੋਏ ਸ਼ਹਿਰੀਆਂ ਦੇ ਇਕੱਠ ਦੌਰਾਨ ਡਿਪਟੀ ਮੇਅਰ ਅਸੋਕ ਧਮੀਜਾ ਨੇ ਸ਼ਹਿਰੀਆਂ ਵੱਲੋਂ ਸਾਥ ਦਿੱਤੇ ਜਾਣ ਲਈ ਧੰਨਵਾਦ ਕੀਤਾ।ਸਵੇਰੇ ਨਗਰ ਨਿਗਮ ਮੋਗਾ ਵਿਖੇ ਹੋਏ ਇਕੱਠ ਦੌਰਾਨ ਸਾਬਕਾ ਵਿਧਾਇਕ ਵਿਜੈ ਸਾਥੀ, ਮੇਅਰ ਨਿਤਿਕਾ ਭੱਲਾ, ਗੁਰਮਿੰਦਰਜੀਤ ਸਿੰਘ ਬਬਲੂ, ਕੌਂਸਲਰ ਸਾਹਿਲ ਅਰੋੜਾ, ਸੀਰਾ ਚਕਰ, ਜਸਪ੍ਰੀਤ ਸਿੰਘ ਵਿੱਕੀ, ਗੌਰਵ ਗਰਗ, ਗੁੱਡੂ ਆਹਲੂਵਾਲੀਆਂ, ਰਿਸ਼ੂ ਅਗਰਵਾਲ, ਰਾਜਿੰਦਰ ਛਾਬੜਾ, ਨੀਲਾ ਧਮੀਜਾ, ਵਿਜੈ ਖੁਰਾਣਾ, ਸਿੰਦਾ ਕੌਂਸਲਰ, ਦੀਪਕ ਭੱਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰੀ ਹਾਜ਼ਰ ਸਨ।

Share This :

Leave a Reply