ਮਜੀਠੀਆ ਮਾਣਹਾਨੀ ਕੇਸ ਦੀ ਸੁਣਵਾਈ 24 ਤੱਕ ਮੁਲਤਵੀ

ਲੁਧਿਆਣਾ, ਮੀਡੀਆ ਬਿਊਰੋ:

ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਮਾਣਹਾਨੀ ਦੇ ਕੇਸ ਵਿੱਚ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਸਥਾਨਕ ਅਦਾਲਤ ਵਿੱਚ ਪੇਸ਼ ਨਹੀਂ ਹੋਏ ਅਤੇ ਨਾ ਹੀ ਕੋਈ ਗਵਾਹੀ ਕਰਵਾਈ ਗਈ। ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਹਰਸਿਮਰਨ ਜੀਤ ਸਿੰਘ ਦੀ ਅਦਾਲਤ ਨੇ ਸੰਜੇ ਸਿੰਘ ਦੀ ਪੇਸ਼ੀ ਨੂੰ ਮੁਆਫ਼ ਕਰਨ ਦੀ ਅਰਜ਼ੀ ਨੂੰ ਸਵੀਕਾਰ ਕਰਦਿਆਂ ਉਸ ਦੀ ਗਵਾਹੀ ਲਈ ਕੇਸ ਦੀ ਸੁਣਵਾਈ 24 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ। ਪਿਛਲੀ ਪੇਸ਼ੀ ‘ਤੇ ਸੰਜੇ ਸਿੰਘ ਦਾ ਬਿਆਨ ਦਰਜ ਕੀਤਾ ਗਿਆ ਸੀ, ਜਿਸ ‘ਚ ਉਨ੍ਹਾਂ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਸੀ ਕਿ ਮਜੀਠੀਆ ਵੱਲੋਂ ਸਿਆਸੀ ਰੰਜਿਸ਼ ਕਾਰਨ ਉਨ੍ਹਾਂ ‘ਤੇ ਦਬਾਅ ਬਣਾਉਣ ਲਈ ਝੂਠਾ ਕੇਸ ਦਰਜ ਕਰਵਾਇਆ ਗਿਆ ਹੈ।

ਸੰਜੇ ਸਿੰਘ ਨੇ ਕਿਹਾ ਸੀ ਕਿ ਉਸ ਸਮੇਂ ਸੂਬੇ ‘ਚ ਅਕਾਲੀ-ਭਾਜਪਾ ਦੀ ਸਰਕਾਰ ਸੀ ਅਤੇ ਮਜੀਠੀਆ ਨੇ ਦਬਾਅ ਪਾਉਣ ਲਈ ਉਨ੍ਹਾਂ ‘ਤੇ ਇਹ ਮਾਮਲਾ ਦਰਜ ਕਰਵਾਇਆ ਸੀ। ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਗਵਾਹ ਬਣਾਏ ਗਏ ਹਨ। ਉਸ ਨੇ ਆਪਣੇ ਪੱਖ ‘ਚ ਗਵਾਹ ਲੈਣ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ 18 ਅਪ੍ਰੈਲ ਲਈ ਮੁਲਤਵੀ ਕਰ ਦਿੱਤੀ ਹੈ। ਪਰ ਕੋਈ ਵੀ ਗਵਾਹ ਮੌਜੂਦ ਨਾ ਹੋਣ ਕਾਰਨ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ।

ਪੰਜਾਬ ਚੋਣਾਂ ਵਿੱਚ ਨਸ਼ਾ ਇੱਕ ਵੱਡਾ ਮੁੱਦਾ ਬਣਿਆ

ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਬਿਕਰਮ ਸਿੰਘ ਮਜੀਠੀਆ ‘ਤੇ ਨਸ਼ਾ ਤਸਕਰੀ ਅਤੇ ਕਈ ਹੋਰ ਅਪਰਾਧਾਂ ‘ਚ ਸ਼ਾਮਲ ਹੋਣ ਦੇ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਮਜੀਠੀਆ ਨੇ ਉਨ੍ਹਾਂ ਖਿਲਾਫ ਅਦਾਲਤ ‘ਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਪੰਜਾਬ ਵਿੱਚ ਹਰ ਵਾਰ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਨਸ਼ਿਆਂ ਦਾ ਮੁੱਦਾ ਛਾਇਆ ਰਹਿੰਦਾ ਹੈ। ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਨਸ਼ਿਆਂ ਦੇ ਮੁੱਦੇ ਨਾਲ ਨਜਿੱਠਣਾ ‘ਆਪ’ ਸਰਕਾਰ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ।

Share This :

Leave a Reply