ਸਾਈਕਲ ਸਵਾਰ ਨੂੰ ਬਚਾਉਂਦਿਆਂ ਕਾਰ ਤੇ ਮਹਿੰਦਰਾ ਕੈਪਰ ਦੀ ਭਿਆਨਕ ਟੱਕਰ, 3 ਜਣਿਆਂ ਦੀ ਮੌਤ

ਮੱਲ੍ਹੀਆਂ ਕਲਾਂ (ਮੀਡੀਆ ਬਿਊਰੋ) ਸ਼ਨਿੱਚਰਵਾਰ ਰਾਤ ਕਾਲਾ ਸੰਘਿਆਂ-ਤਲਵੰਡੀ ਮਾਧੋ ਰੋਡ ’ਤੇ ਪਿੰਡ ਆਧੀ ਜ਼ਿਲ੍ਹਾ ਜਲੰਧਰ ਵਿਖੇ ਸਾਈਕਲ ਸਵਾਰ ਨੂੰ ਬਚਾਉਂਦਿਆਂ ਆਲਟੋ ਕਾਰ ਤੇ ਮਹਿੰਦਰਾ ਕੈਪਰ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ’ਚ ਆਲਟੋ ਕਾਰ ਵਿਚ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 2 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਜਦਕਿ ਜ਼ਖਮੀ ਦਾ ਇਲਾਜ ਚੱਲ ਰਿਹਾ ਹੈ।

ਜਾਣਕਾਰੀ ਅਨੁਸਾਰ ਆਲਟੋ ਕਾਰ ਨੰਬਰ ਪੀ ਬੀ 08 ਡੀ ਕਿਊ 7602 ਨੂੰ ਡਰਾਈਵਰ ਬਲਵਿੰਦਰ ਸਿੰਘ ਉਰਫ ਬਿੰਦਾ ਚਲਾ ਰਿਹਾ ਸੀ ਜਿਸ ਵਿਚ ਚਾਰ ਹੋਰ ਵਿਅਕਤੀ ਸਵਾਰ ਸਨ ਜੋ ਜਲੰਧਰ ਤੋਂ ਕਿਸੇ ਵਿਆਹ ਪਾਰਟੀ ਤੋਂ ਵਾਪਸ ਆਪਣੇ ਪਿੰਡ ਆਧੀ ਵੱਲ ਨੂੰ ਆ ਰਹੇ ਸਨ। ਜਿਵੇਂ ਹੀ ਆਲਟੋ ਕਾਰ ਚਾਲਕ ਆਪਣੀ ਕਾਰ ਨੂੰ ਪਿੰਡ ਆਧੀ ਨੇੜੇ ਲੈ ਕੇ ਪਹੁੰਚਿਆ ਤਾਂ ਕਾਰ ਅੱਗੇ ਇਕ ਸਾਈਕਲ ਸਵਾਰ ਵਿਅਕਤੀ ਜਾ ਰਿਹਾ ਸੀ, ਜਿਸ ਨੂੰ ਬਚਾਉਂਦਿਆਂ ਸਾਹਮਣਿਓਂ ਆ ਰਹੀ ਮਹਿੰਦਰਾ ਕੈਪਰ ਨੰਬਰ ਪੀ ਬੀ 08 ਡੀ ਐਸ 1973 ਨਾਲ ਟਕਰਾਅ ਗਈ।

ਭਿਆਨਕ ਹਾਦਸੇ ’ਚ ਆਲਟੋ ਕਾਰ ਵਿਚ ਸਵਾਰ ਡਰਾਈਵਰ ਬਲਵਿੰਦਰ ਸਿੰਘ ਉਰਫ ਬਿੰਦਾ, ਸੋਹਣ ਲਾਲ ਸਾਬਕਾ ਸਰਪੰਚ ਤੇ ਬਾਊ ਰਾਮ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਮੇਵਾ ਸਿੰਘ ਤੇ ਸਾਈਕਲ ਸਵਾਰ ਹੈਦਰ ਵਾਲ ਵਾਲ ਬਚ ਗਏ ਜਿਨ੍ਹਾਂ ਨੂੰ ਜਲੰਧਰ ਦੇ ਕਿਸੇ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ।

ਮੌਕੇ ’ਤੇ ਪੁੱਜੇ ਪੁਲਿਸ ਚੌਂਕੀ ਉੱਗੀ ਦੇ ਇੰਚਾਰਜ ਐੱਸਆਈ ਜਸਵੀਰ ਸਿੰਘ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Share This :

Leave a Reply