ਖਾਰਕੀਵ ‘ਚ MBBS ਦੀ ਪੜ੍ਹਾਈ ਕਰ ਰਹੀ ਮਹਿਕ ਨੇ ਬਿਆਨ ਕੀਤਾ ਆਪਣਾ ਦਰਦ

ਕਿਹਾ – ‘ਅਸੀਂ ਆਪਣੀ ਮੌਤ ਨੂੰ ਅੱਖਾਂ ਮੂਹਰੇ ਨੱਚਦਿਆਂ ਵੇਖਿਆ ਹੈ’

ਲਹਿਰਾਗਾਗਾ, ਮੀਡੀਆ ਬਿਊਰੋ:

ਯੂਕਰੇਨ ਦੀ ਖਾਰਕੀਵ ਯੂਨੀਵਰਸਿਟੀ ਵਿਖੇ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੀ ਲਹਿਰਾ ਹਲਕੇ ਦੇ ਮੰਡਵੀ ਪਿੰਡ ਦੀ ਵਿਦਿਆਰਥਣ ਮਹਿਕ, ਜੋ ਕੱਲ੍ਹ ਯੂਕਰੇਨ ਤੋਂ ਵਾਪਸ ਪਰਤ ਆਈ ਹੈ, ਨੇ ਪੱਤਰਕਾਰਾਂ ਕੋਲ ਆਪਣੇ ਦੁੱਖ ਬਿਆਨ ਕਰਦਿਆਂ ਦੱਸਿਆ, ਕਿ ਬਹੁਤ ਬੁਰੇ ਹਾਲਾਤਾਂ ਵਿੱਚੋਂ ਅਸੀ ਨਿਕਲ ਕੇ ਆਏ ਹਾਂ। ਪਤਾ ਹੀ ਨਹੀਂ ਸੀ ਕਿ ਕਦੋਂ ਬੰਬ ਸਾਡੇ ਉਤੇ ਡਿੱਗ ਪੈਣ ਅਤੇ ਕਦੋਂ ਬਾਹਰ ਭੱਜਣ ਦਾ ਸਾਇਰਨ ਵੱਜ ਜਾਵੇ।

ਮੈਟਰੋ ਸਟੇਸ਼ਨ ਦੇ ਬੇਸਮੈਂਟ ਉੱਤੇ ਕਦੋਂ ਵੀ ਬੰਬਾਰੀ ਹੋ ਸਕਦੀ ਸੀ। ਅਸੀਂ ਆਪਣੀ ਮੌਤ ਨੂੰ ਆਪਣੇ ਅੱਖਾਂ ਮੂਹਰੇ ਨੱਚਦਿਆਂ ਵੇਖਿਆ ਹੈ। ਬੰਬਾਰੀ ਦੇਖ ਕੇ ਸਾਡੀ ਰੂਹ ਕੰਬ ਜਾਂਦੀ ਸੀ ਕਿ ਕਦੇ ਵੀ ਮੌਤ ਆ ਸਕਦੀ ਹੈ। ਅਸੀ 50 ਦੇ ਕਰੀਬ ਵਿਦਿਆਰਥੀ ਮੈਟਰੋ ਸਟੇਸ਼ਨ ਦੇ ਬੇਸਮੈਂਟ ਵਿੱਚ ਰਹਿ ਰਹੇ ਸੀ ਪ੍ਰੰਤੂ ਅਸੀਂ ਉਸ ਨੂੰ ਵੀ ਸੁਰੱਖਿਅਤ ਨਹੀਂ ਸਮਝ ਰਹੇ ਸੀ। ਸਾਡੇ ਨੇੜਲੇ ਹਸਪਤਾਲ ਵਿਖੇ ਰੂਸ ਨੇ ਬੰਬਾਰੀ ਕਰਵਾ ਦਿੱਤੀ ਸੀ ।ਜਿਸ ਕਰਕੇ ਅਸੀਂ ਵੀ ਪਲ -ਪਲ ਆਪਣੀ ਮੌਤ ਚੇਤੇ ਕਰ ਰਹੇ ਸੀ। ਵਿਦਿਆਰਥਣ ਮਹਿਕ ਨੇ ਅੰਬੈਸੀ ‘ਤੇ ਗਿਲਾ ਜ਼ਾਹਿਰ ਕਰਦਿਆਂ ਕਿਹਾ ਕਿ ਲੜਾਈ ਤੋਂ ਪਹਿਲਾਂ ਤਾਂ ਅੰਬੈਸੀ ਫੋਨ ਚੁੱਕ ਰਹੀ ਸੀ ਪ੍ਰੰਤੂ ਲੜਾਈ ਲੱਗਣ ‘ਤੇ ਜਦੋਂ ਅਸੀਂ ਮੁਸ਼ਕਲਾਂ ਵਿੱਚ ਘਿਰ ਗਏ ਤਾਂ ਸਾਡਾ ਫੋਨ ਅੰਬੈਸੀ ਵੀ ਚੁੱਕਣੋਂ ਹਟ ਗਈ।

ਯੂਕਰੇਨੀ ਸਾਨੂੰ ਬੱਸਾਂ ਵਿਚ ਵੀ ਨਹੀਂ ਚੜ੍ਹਨ ਦੇ ਰਹੇ ਸਨ ਅਤੇ ਸਭ ਤੋਂ ਪਹਿਲਾਂ ਆਪਣੇ ਦੇਸ਼ ਦੇ ਵਿਦਿਆਰਥੀਆਂ ਨੂੰ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਮੇਰੀ ਐਮਬੀਬੀਐਸ ਦੀ ਇੱਕ ਸਾਲ ਦੀ ਪੜ੍ਹਾਈ ਰਹਿ ਗਈ ਹੈ। ਹੁਣ ਕਿਸੇ ਨੂੰ ਵੀ ਨਹੀਂ ਪਤਾ ਕਿ ਯੂਕਰੇਨ ਚ ਕੀ ਬਣਨਾ ਹੈ। ਇਸ ਲਈ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਾਡੀ ਇਕ ਸਾਲ ਦੀ ਪੜ੍ਹਾਈ ਇੱਥੇ ਹੀ ਪੂਰੀ ਕਰਵਾ ਕੇ ਸਾਨੂੰ ਡਿਗਰੀ ਦਿੱਤੀ ਜਾਵੇ। ਉਨ੍ਹਾਂ ਇਹ ਵੀ ਖੁਲਾਸਾ ਕਰਦਿਆਂ ਕਿਹਾ ਕਿ 1200 ਤੋਂ 1500 ਵਿਦਿਆਰਥੀ ਅਜੇ ਵੀ ਖਾਰਕੀਵ ਵਿਚ ਫਸੇ ਹੋਏ ਹਨ। ਜਿਹੜੇ ਬਾਰਡਰਾਂ ਤੋਂ ਅਸੀਂ ਜਾਨ ਬਚਾਉਂਦਿਆਂ ਲੰਘੇ ਸੀ ਹੁਣ ਉਹ ਬਾਰਡਰ ਵੀ ਬੰਦ ਹੋ ਚੁੱਕੇ ਹਨ।

ਵਿਦਿਆਰਥਣ ਮਹਿਕ ਦੇ ਪਿਤਾ ਤੇਜਿੰਦਰ ਸਿੰਘ ਅਤੇ ਮਾਤਾ ਬਲਜੀਤ ਕੌਰ ਨੇ ਖੁਸ਼ੀ ਦੇ ਅੱਥਰੂ ਵਹਾਉਂਦੇ ਕਿਹਾ, ਕਿ ਸਾਨੂੰ ਇੱਕ ਤਾਂ ਖ਼ੁਸ਼ੀ ਹੈ ਕਿ ਸਾਡੀ ਬੇਟੀ ਜਾਨ ਬਚਾ ਕੇ ਮਸਾਂ ਆਈ ਹੈ, ਦੂਜਾ ਪੜ੍ਹਾਈ ਅੱਧਵਾਟੇ ਛੱਡ ਜਾਣ ਦਾ ਵੀ ਸਾਨੂੰ ਭਾਰੀ ਦੁੱਖ ਹੈ ਕਿਉਂਕਿ ਘਰ ਛੱਡ ਕੇ ਧੀਆਂ ਨੂੰ ਬਾਹਰ ਭੇਜਣ ਲਈ ਕੀਹਦਾ ਦਿਲ ਕਰਦਾ ਹੈ। ਜਦੋਂ ਇੱਥੇ ਇੱਕ ਕਰੋੜ ਵਾਲੀ ਪੜ੍ਹਾਈ ਉੱਥੇ ਮਸਾਂ 15-20 ਲੱਖ ਰੁਪਏ ਵਿੱਚ ਪੂਰੀ ਹੁੰਦੀ ਹੈ, ਜਿਸ ਕਰ ਕੇ ਮਜਬੂਰਨ ਸਾਨੂੰ ਧੀਆਂ ਬਾਹਰ ਭੇਜਣੀਆਂ ਪੈ ਰਹੀਆਂ ਹਨ। ਉਨ੍ਹਾਂ ਸੂਬਾ ਸਰਕਾਰ ਨੂੰ ਕਿਹਾ ਕਿ ਜੇਕਰ ਇੱਥੇ ਵੀ ਇਹ ਪੜ੍ਹਾਈ ਪੰਦਰਾਂ-ਵੀਹ ਲੱਖ ਰੁਪਏ ਵਿੱਚ ਹੁੰਦੀ ਹੋਵੇ ਤਾਂ ਬੱਚੇ ਬਾਹਰ ਜਾ ਕੇ ਨਾ ਰੁਲਣ ਅਤੇ ਸਰਕਾਰ ਵੀ ਨੂੰ ਵੀ ਅਰਬਾਂ ਖਰਬਾਂ ਰੁਪਏ ਦੀ ਆਮਦਨ ਹੋਵੇ।

Share This :

Leave a Reply