ਚੰਡੀਗੜ੍ਹ (ਮੀਡੀਆ ਬਿਊਰੋ) ਲੁਧਿਆਣਾ ਨੂੰ ਉੱਤਰੀ ਭਾਰਤ ਦਾ ਉਦਯੋਗਿਕ ਧੁਰਾ ਬਣਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪਿੰਡ ਧਨਾਨਸੂ ਵਿਖੇ 378.77 ਏਕੜ ਰਕਬੇ ’ਚ ਹਾਈ-ਟੈਕ ਵੈਲੀ ਵਿਕਸਿਤ ਕੀਤੀ ਜਾ ਰਹੀ ਹੈ। ਇਹ ਵੈਲੀ ਸਰਕਾਰੀ ਸੰਸਥਾ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਵੱਲੋਂ ਤਿਆਰ ਕੀਤੀ ਜਾ ਰਹੀ ਹੈ। 378.77 ਏਕੜ ਜ਼ਮੀਨ ਦੇ ਪੂਰੇ ਹਿੱਸੇ ਲਈ ਖਾਕਾ ਯੋਜਨਾ, ਚੇਂਜ ਆਫ਼ ਲੈਂਡ ਯੂਜ਼ (ਸੀਐਲਯੂ), ਈ.ਆਈ.ਏ. ਨੋਟੀਫਿਕੇਸ਼ਨ ਅਧੀਨ ਵਾਤਾਵਰਣ ਸਬੰਧੀ ਪ੍ਰਵਾਨਗੀ, ਰੇਰਾ ਆਦਿ ਲਈ ਮਨਜ਼ੂਰੀ ਪਹਿਲਾਂ ਹੀ ਪ੍ਰਾਪਤ ਹੋ ਚੁੱਕੀ ਹੈ। ਇਸ ਪ੍ਰਾਜੈਕਟ ’ਤੇ 365 ਕਰੋੜ ਰੁਪਏ ਦੀ ਲਾਗਤ ਆਵੇਗੀ।
ਹੀਰੋ ਸਾਈਕਲਜ਼ ਲਿਮਟਿਡ ਜੋ ਕਿ ਸਾਈਕਲ ਉਦਯੋਗ ਵਿੱਚ ਇੱਕ ਪ੍ਰਮੁੱਖ ਸੰਸਥਾ ਹੈ, ਵੱਲੋਂ ਹਾਈ ਟੈੱਕ ਵੈਲੀ ਅੰਦਰ 100 ਏਕੜ ਰਕਬੇ ਵਿੱਚ ਬਣੇ ਹੀਰੋ ਇੰਡਸਟ੍ਰੀਅਲ ਪਾਰਕ ਵਿੱਚ ਅਤਿ ਆਧੁਨਿਕ ਬਾਈਸਾਈਕਲਾਂ ਅਤੇ ਈ-ਬਾਈਕਾਂ ਦੇ ਨਿਰਮਾਣ ਲਈ ਆਪਣੀ ਅਤਿ ਆਧੁਨਿਕ ਇਕਾਈ ਲਗਾਈ ਗਈ ਹੈ।ਇਸ ਇਕਾਈ ਦਾ ਉਦਘਾਟਨ ਅਪ੍ਰੈਲ 2021 ਵਿੱਚ ਕੀਤਾ ਗਿਆ ਸੀ। ਹੀਰੋ ਇੰਡਸਟਰੀਅਲ ਪਾਰਕ ਵਿੱਚ ਇਸ ਯੂਨਿਟ ਦੀਆਂ ਸਹਾਇਕ ਇਕਾਈਆਂ ਵੀ ਹੋਣਗੀਆਂ। ਇਸੇ ਤਰਾਂ ਅਦਿੱਤਿਆ ਬਿਰਲਾ ਗਰੁੱਪ, ਫਾਰਚੂਨ 500 ਕੰਪਨੀ, ਨੇ ਆਪਣੀ ਪ੍ਰਮੁੱਖ ਕੰਪਨੀ ਗ੍ਰਾਸਿਮ ਇੰਡਸਟਰੀਜ਼ ਲਿਮਟਿਡ ਜ਼ਰੀਏ ਆਪਣੇ ਆਉਣ ਵਾਲੇ ਪੇਂਟ ਕਾਰੋਬਾਰ ਲਈ ਪੰਜਾਬ ਨੂੰ ਇੱਕ ਨਿਵੇਸ਼ ਸਥਾਨ ਵਜੋਂ ਚੁਣਿਆ ਹੈ।
ਗਰੁੱਪ ਨੇ ਆਪਣੇ ਨਵੇਂ ਉੱਦਮ ਲਈ ਹਾਈ ਟੈਕ ਵੈਲੀ ਵਿੱਚ 61.38 ਏਕੜ ਉਦਯੋਗਿਕ ਜ਼ਮੀਨ ਖਰੀਦੀ ਹੈ। ਅਦਿੱਤਿਆ ਬਿਰਲਾ ਦਾ ਆਗਾਮੀ ਪਲਾਂਟ ਨਵੀਨਤਮ ਨਿਰਮਾਣ ਤਕਨਾਲੋਜੀ ਨਾਲ ਲੈਸ ਹੋਵੇਗਾ ਅਤੇ ਇਸ ਤਰਾਂ ਉੱਚ ਤਕਨੀਕੀ ਕੁਸ਼ਲਤਾ ’ਤੇ ਕੰਮ ਕਰੇਗਾ। ਪਲਾਂਟ ਨੂੰ ਡੀ.ਸੀ.ਐਸ/ਪੀ.ਐਲ.ਸੀ. ਦੀ ਉੱਨਤ ਤਕਨੀਕ ਰਾਹੀਂ ਕੰਟਰੋਲ ਕੀਤਾ ਜਾਵੇਗਾ। ਪਲਾਂਟ ਦੇ ਅੰਦਰ ਆਰ.ਐਮ. ਪੀ.ਐਮ. ਅਤੇ ਐਫ.ਜੀ. ਵੇਅਰਹਾਊਸਾਂ ਦੇ ਪ੍ਰਬੰਧਨ ਲਈ ਸਵੈਚਾਲਿਤ ਵਿਧੀ ਦੀ ਵਰਤੋਂ ਕੀਤੀ ਜਾਵੇਗੀ। ਸੁਰੱਖਿਅਤ ਕੰਮ ਦੇ ਮਾਪਦੰਡਾਂ ਨੂੰ ਯਕੀਨੀ ਬਣਾਉਣ ਲਈ, ਪਲਾਂਟ ਵਿੱਚ ਉੱਤਮ ਦਰਜੇ ਦੀਆਂ ਸੁਰੱਖਿਆ ਅਤੇ ਵਾਤਾਵਰਣ ਸੁਰੱਖਿਆ ਪ੍ਰਣਾਲੀਆਂ ਹੋਣਗੀਆਂ। ਨਿਰਮਾਣ ਕਾਰਜਾਂ ਨੂੰ ਬਿਹਤਰ ਬਣਾਉਣ ਲਈ ਪਲਾਂਟ ਵਿੱਚ ਆਈ.ਆਈ.ਓ.ਟੀ -4 ਦੇ ਸਿਧਾਂਤ ਦੀ ਵਰਤੋਂ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਜੇ.ਕੇ. ਪੇਪਰਜ਼ ਲਿਮਟਿਡ ਨੂੰ ਬਕਸਿਆਂ ਅਤੇ ਪੈਕੇਜਿੰਗ ਉਤਪਾਦਾਂ ਦੇ ਨਿਰਮਾਣ ਲਈ ਆਪਣੀ ਯੂਨਿਟ ਸਥਾਪਤ ਕਰਨ ਵਾਸਤੇ 17 ਏਕੜ ਉਦਯੋਗਿਕ ਜ਼ਮੀਨ ਅਲਾਟ ਕੀਤੀ ਗਈ ਹੈ। ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਉੱਚ ਗੁਣਵੱਤਾ ਅਤੇ ਮਿਆਰੀ ਬਿਜਲੀ ਮੁਹੱਈਆ ਕਰਵਾਉਣ ਲਈ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ.) ਵੱਲੋਂ 30 ਏਕੜ ਜ਼ਮੀਨ ’ਤੇ 400 ਕੇ.ਵੀ. ਦਾ ਬਿਜਲੀ ਗਰਿੱਡ ਸਟੇਸ਼ਨ ਸਥਾਪਿਤ ਕੀਤਾ ਜਾਵੇਗਾ, ਜਿਸ ਲਈ ਜ਼ਮੀਨ ਅਲਾਟ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਪੀਐਸਟੀਸੀਐਲ ਨੇ ਸਾਈਟ ’ਤੇ ਪਹਿਲਾਂ ਹੀ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਹਨ।
ਉਨਾਂ ਕਿਹਾ ਕਿ ਸੁਖਾਲਾ ਸੰਪਰਕ ਪ੍ਰਦਾਨ ਕਰਨ ਲਈ ਹਾਈਟੈਕ ਵੈਲੀ ਨੂੰ ਚੰਡੀਗੜ-ਲੁਧਿਆਣਾ ਨੈਸ਼ਨਲ ਹਾਈਵੇਅ ਨਾਲ 100 ਫੁੱਟ ਚੌੜੀ 4-ਲੇਨ ਅਤੇ 8.3 ਕਿਲੋਮੀਟਰ ਲੰਬੀ ਬਾਹਰੀ ਕੰਕਰੀਟ ਸੜਕ ਬਣਾ ਕੇ ਜੋੜਿਆ ਗਿਆ ਹੈ ਅਤੇ ਇਹ 14 ਅਪ੍ਰੈਲ, 2021 ਨੂੰ ਜਨਤਾ ਨੂੰ ਸੌਂਪ ਦਿੱਤੀਆਂ ਗਈਆਂ ਸਨ। ਗੁਰਕੀਰਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਹਾਈਟੈਕ ਵੈਲੀ ਦਾ ਅੰਦਰੂਨੀ ਵਿਕਾਸ ਭਾਵ 33 ਮੀਟਰ ਅਤੇ 24 ਮੀਟਰ ਚੌੜੀਆਂ ਅੰਦਰੂਨੀ ਕੰਕਰੀਟ ਸੜਕਾਂ ਦਾ ਨਿਰਮਾਣ, ਤੂਫ਼ਾਨੀ ਪਾਣੀ ਦੀ ਨਿਕਾਸੀ ਪ੍ਰਣਾਲੀ, ਸੀਵਰੇਜ ਕੁਲੈਕਸ਼ਨ ਸਿਸਟਮ ਅਤੇ ਐਫਲੂਐਂਟ ਕੁਲੈਕਸ਼ਨ ਸਿਸਟਮ ਦਾ ਕਾਰਜ ਮੁਕੰਮਲ ਕਰ ਲਿਆ ਗਿਆ ਹੈ ਅਤੇ ਹੋਰ ਕੰਮ ਜਾਰੀ ਹਨ। ਉਨਾਂ ਅੱਗੇ ਕਿਹਾ ਕਿ ਹਾਈ ਟੈਕ ਵੈਲੀ ਦਾ ਬੁਨਿਆਦੀ ਅੰਦਰੂਨੀ ਵਿਕਾਸ 28 ਫਰਵਰੀ, 2022 ਤੱਕ ਪੂਰਾ ਹੋ ਜਾਵੇਗਾ।