ਜਲੰਧਰ, ਮੀਡੀਆ ਬਿਊਰੋ:
ਮਹਾਨਗਰ ਤੋਂ ਅੰਮ੍ਰਿਤਸਰ ਤੇ ਪਠਾਨਕੋਟ ਵੱਲ ਜਾਣ ਵਾਲਾ ਟਰੈਫਿਕ ਕਰੀਬ ਇੱਕ ਘੰਟਾ ਜਾਮ ਰਿਹਾ। ਪੀਏਪੀ ਰੇਲਵੇ ਓਵਰਬ੍ਰਿਜ (ਆਰ.ਓ.ਬੀ.) ਦੇ ਉਪਰ ਵਪਾਰਕ ਵਾਹਨ ਦੇ ਟੁੱਟਣ ਕਾਰਨ ਅੰਮ੍ਰਿਤਸਰ ਅਤੇ ਪਠਾਨਕੋਟ ਵੱਲ ਜਾਣ ਵਾਲਾ ਟ੍ਰੈਫਿਕ ਜਾਮ ਹੋ ਗਿਆ, ਜਿਸ ਕਾਰਨ ਰਾਮਾ ਮੰਡੀ ਚੌਕ ਤੱਕ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਡੇਢ ਕਿਲੋਮੀਟਰ ਤੋਂ ਵੱਧ ਦੀ ਦੂਰੀ ’ਤੇ ਹਾਈਵੇਅ ’ਤੇ ਲੱਗੇ ਲੰਮੇ ਟ੍ਰੈਫਿਕ ਜਾਮ ਕਾਰਨ ਗੁਰੂ ਨਾਨਕ ਪੁਰਾ ਅਤੇ ਸ਼ਹਿਰ ਦੇ ਵਿਚਕਾਰੋਂ ਮਕਸੂਦਾਂ ਵੱਲ ਨੂੰ ਆਵਾਜਾਈ ਸ਼ੁਰੂ ਹੋ ਗਈ ਅਤੇ ਇਸ ਕਾਰਨ ਅੰਦਰਲੇ ਹਿੱਸੇ ’ਚ ਟਰੈਫਿਕ ਵਿਵਸਥਾ ਠੱਪ ਹੋ ਗਈ। ਸ਼ਹਿਰਵਾਸੀ ਵੀ ਪੂਰੀ ਤਰ੍ਹਾਂ ਪਰੇਸ਼ਾਨ ਹੋ ਗਏ। ਇਸ ਦੌਰਾਨ ਗੁਰੂ ਨਾਨਕ ਪੁਰਾ ਰੇਲਵੇ ਕਰਾਸਿੰਗ ਦਾ ਫਾਟਕ ਵੀ ਰੇਲ ਗੱਡੀਆਂ ਦੀ ਆਵਾਜਾਈ ਕਾਰਨ ਬੰਦ ਰਿਹਾ ਅਤੇ ਗੁਰੂ ਨਾਨਕ ਪੁਰਾ ਰੋਡ ’ਤੇ ਵੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਇਸ ਦੌਰਾਨ ਪੀਏਪੀ ਆਰਓਬੀ ਉਪਰ ਕੁਝ ਵਾਹਨ ਗਲਤ ਦਿਸ਼ਾ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਵਿੱਚ ਆਹਮੋ-ਸਾਹਮਣੇ ਫਸ ਗਏ ਅਤੇ ਸ਼ਹਿਰ ਨੂੰ ਜਾਣ ਵਾਲੀ ਸੜਕ ਵੀ ਜਾਮ ਹੋ ਗਈ। ਪੀਏਪੀ ਫਲਾਈਓਵਰ ਦੇ ਹੇਠਾਂ ਤਾਇਨਾਤ ਟਰੈਫਿਕ ਮੁਲਾਜ਼ਮਾਂ ਨੂੰ ਜਦੋਂ ਆਰਓਬੀ ’ਤੇ ਲੱਗੇ ਜਾਮ ਦਾ ਪਤਾ ਲੱਗਾ ਤਾਂ ਉਹ ਜਾਮ ਖੋਲ੍ਹਣ ਲਈ ਆਰ.ਓ.ਬੀ ਪੁੱਜੇ ਪਰ ਗਲਤ ਦਿਸ਼ਾ ਤੋਂ ਆ ਰਹੇ ਵਾਹਨਾਂ ਕਾਰਨ ਜਾਮ ਖੋਲ੍ਹਣ ਲਈ ਉਨ੍ਹਾਂ ਨੂੰ ਵੀ ਕਾਫੀ ਮੁਸ਼ੱਕਤ ਕਰਨੀ ਪਈ। ਹਾਲਾਂਕਿ ਜਾਮ ਖੁੱਲ੍ਹਣ ਦੇ ਬਾਵਜੂਦ ਆਵਾਜਾਈ ਆਮ ਵਾਂਗ ਹੋਣ ਵਿੱਚ ਇੱਕ ਘੰਟਾ ਹੋਰ ਲੱਗਿਆ।