ਲੰਡਨ : ਮੀਂਹ ਕਾਰਨ ਪੈਦਾ ਹੋਈ ਹੜ੍ਹਾਂ ਦੀ ਸਥਿਤੀ, ਹਸਪਤਾਲ ਸੇਵਾਵਾਂ ਵਿੱਚ ਰੁਕਾਵਟ

 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਰਾਜਧਾਨੀ ਲੰਡਨ ਦੇ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਐਤਵਾਰ ਨੂੰ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਲੰਡਨ ਦੀਆਂ ਸੜਕਾਂ ‘ਤੇ ਭਾਰੀ ਮੀਂਹ ਕਾਰਨ ਪਾਣੀ ਇਕੱਠਾ ਹੋ ਗਿਆ  ਜਿਸ ਕਰਕੇ ਆਮ ਜਨ ਜੀਵਨ ਦੇ ਨਾਲ ਹਸਪਤਾਲਾਂ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਹੜ੍ਹਾਂ ਦੀ ਸਥਿਤੀ ਕਾਰਨ ਲੰਡਨ ਦੇ ਬਾਰਟਸ ਹੈਲਥ ਐੱਨ ਐੱਚ ਐੱਸ ਟਰੱਸਟ ਦੁਆਰਾ ਐਮਰਜੈਂਸੀ ਘੋਸ਼ਿਤ ਕੀਤੀ ਗਈ। ਲੰਡਨ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਹੜ੍ਹਾਂ ਦੇ ਨਾਲ  ਸ਼ਹਿਰ ਦੇ ਪੂਰਬੀ ਖੇਤਰ ਦੋ ਹਸਪਤਾਲਾਂ ਵਿੱਚ ਭਰੇ ਪਾਣੀ ਕਾਰਨ ਮੁਸ਼ਕਲਾਂ ਆਈਆਂ।

ਬਹੁਤ ਜਿਆਦਾ ਤੇਜ਼ ਮੀਂਹ ਕਾਰਨ ਨਿਊਹੈਮ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਵੀ ਹੜ੍ਹ ਵਰਗੀ ਸਥਿਤੀ ਬਣ ਗਈ ਅਤੇ ਮਰੀਜ਼ਾਂ ਨੂੰ ਨੇੜਲੇ ਹਸਪਤਾਲ ਵਿੱਚ ਆਉਣ ਲਈ ਕਿਹਾ ਗਿਆ। ਇਸਦੇ ਇਲਾਵਾ ਐਤਵਾਰ ਦੇ ਮੀਂਹ ਨੇ ਹਿਪਸ ਕਰਾਸ ਹਸਪਤਾਲ ਲਈ ਵੀ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਲੰਡਨ ਵਿੱਚ ਤੇਜ਼ ਬਾਰਸ਼ ਨਾਲ ਅੱਠ ਟਿਊਬ ਸਟੇਸ਼ਨ ਬੰਦ ਹੋ ਗਏ ਅਤੇ ਹੜ੍ਹਾਂ ਦੇ ਪਾਣੀ ਵਿੱਚ ਅਣਗਿਣਤ ਵਾਹਨ ਡਰਾਈਵਰ ਡਰੇਨੇਜ ਸਿਸਟਮ ਦੇ ਪ੍ਰਭਾਵਿਤ ਹੋ ਜਾਣ ਕਾਰਨ ਫਸ ਗਏ, ਜਿਸ ਕਾਰਨ ਸ਼ਹਿਰ ਵਿੱਚ ਹਫੜਾ-ਦਫੜੀ ਮੱਚ ਗਈ। ਕੁੱਝ ਇਲਾਕਿਆਂ ਵਿੱਚ, ਡਰਾਈਵਰਾਂ ਨੂੰ ਉਨ੍ਹਾਂ ਦੀਆਂ ਅੱਧੀਆਂ ਡੁੱਬੀਆਂ ਕਾਰਾਂ ਵਿੱਚੋਂਂ ਕੱਢ ਕੇ ਕਿਸ਼ਤੀ ਦੁਆਰਾ ਬਚਾਇਆ ਗਿਆ।

Share This :

Leave a Reply