ਲੰਡਨ: ਹੀਰਿਆਂ ਨੂੰ ਪੱਥਰਾਂ ਨਾਲ ਬਦਲ ਕੇ ਕੀਤੀ ਚੋਰੀ ਦੇ ਮਾਮਲੇ ‘ਚ ਹੋਈ ਜੇਲ੍ਹ

ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਲੰਡਨ ਵਿੱਚ ਇੱਕ ਗਹਿਣਿਆਂ ਦੀ ਦੁਕਾਨ ‘ਤੇ ਫਿਲਮੀ ਸਟਾਈਲ ਵਿੱਚ ਬੇਸ਼ਕੀਮਤੀ ਹੀਰਿਆਂ ਨੂੰ ਛੋਟੇ ਪੱਥਰਾਂ ਨਾਲ ਬਦਲ ਕੇ ਚੋਰੀ ਕਰਨ ਦੇ ਮਾਮਲੇ ਵਿੱਚ ਇੱਕ 60 ਸਾਲਾਂ ਔਰਤ ਨੂੰ ਸਾਢੇ ਪੰਜ ਸਾਲਾਂ ਦੀ ਸਜਾ ਸੁਣਾਈ ਗਈ ਹੈ। ਲੰਡਨ ਦੇ ਮੇਅਫੈਅਰ ਵਿੱਚ ਬੂਡਲਜ਼ ਨਾਮ ਦੀ ਗਹਿਣਿਆਂ ਦੀ ਦੁਕਾਨ ਤੋਂ ਤਕਰੀਬਨ 4.2 ਮਿਲੀਅਨ ਪੌਂਡ ਮੁੱਲ ਦੇ ਹੀਰੇ ਚੋਰੀ ਕਰਨ ਲਈ ਲੂਲੂ ਲਕਾਤੋਸ ਨਾਮ ਦੀ ਮਹਿਲਾ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਲੰਡਨ ਦੀ ਸਾਊਥਵਰਕ ਕ੍ਰਾਊਨ ਕੋਰਟ ਵਿੱਚ ਮੁਕੱਦਮਾ ਚੱਲਣ ਤੋਂ ਬਾਅਦ ਬੁੱਧਵਾਰ ਨੂੰ ਸਾਢੇ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਇਸ ਚੋਰੀ ਲਈ ਰੂਸੀ ਖਰੀਦਦਾਰਾਂ ਦੇ ਸਮੂਹ ਲਈ ਸੱਤ ਹੀਰਿਆਂ ਦੀ ਖਰੀਦਦਾਰੀ ਲਈ , ਲਕਾਤੋਸ 10 ਮਾਰਚ, 2016 ਨੂੰ ਬੂਡਲਜ਼ ਨਾਮ ਦੀ ਗਹਿਣਿਆਂ ਦੀ ਦੁਕਾਨ ‘ਤੇ ਗਈ।  ਉਸ ਦੁਆਰਾ ਰਤਨਾਂ ਦਾ ਮੁਆਇਨਾ ਕੀਤਾ ਗਿਆ, ਜਿਸ ਵਿੱਚ ਇੱਕ 20 ਕੈਰੇਟ ਦਾ ਦਿਲ ਦੇ ਆਕਾਰ ਵਾਲਾ ਹੀਰਾ, ਜਿਸ ਦੀ ਕੀਮਤ 2.2 ਮਿਲੀਅਨ ਪੌਂਡ ਤੋਂ ਵੀ ਜ਼ਿਆਦਾ ਹੈ ਸ਼ਾਮਲ ਸੀ।

ਮਹਿਲਾ ਦੁਆਰਾ ਹੀਰਿਆਂ ਨੂੰ ਦੇਖਣ ਉਪਰੰਤ ਦੁਕਾਨਦਾਰ ਨੇ ਹੀਰਿਆਂ ਦੀ ਥੈਲੀ ਨੂੰ ਲਾਕ ਵਾਲੇ ਬੈਗ ਵਿੱਚ ਰੱਖਿਆ।  ਪਰ ਜਦੋਂ ਅਗਲੇ ਦਿਨ ਬੂਡਲਜ਼ ਦੇ ਰਤਨ ਮਾਹਰ ਦੁਆਰਾ ਸ਼ੱਕੀ ਹੋਣ ‘ਤੇ ਬੈਗ ਦਾ ਐਕਸ-ਰੇ ਕੀਤਾ ਗਿਆ ਤਾਂ ਉਸ ਵਿੱਚੋਂ ਸੱਤ ਸਧਾਰਣ ਛੋਟੇ ਪੱਥਰ ਮਿਲੇ। ਮੁਕੱਦਮੇ ਅਨੁਸਾਰ  ਲਕਾਤੋਸ ਨੇ ਚਲਾਕੀ ਨਾਲ ਹੀਰਿਆਂ ਦੀ ਥੈਲੀ ਬੈਗ ਵਿੱਚ ਰੱਖਣ ਤੋਂ ਪਹਿਲਾਂ ਇੱਕ ਮਹਿਲਾ ਦੀ ਮੱਦਦ ਨਾਲ ਕੰਕਰਾਂ ਵਾਲੀ ਥੈਲੀ ਨਾਲ ਬਦਲ ਦਿੱਤੀ ਸੀ ਜੋ ਕਿ ਇੱਕੋ ਤਰ੍ਹਾਂ ਦੀਆਂ ਸਨ। ਇਸ  ਚੋਰੀ ਦਾ ਪਤਾ ਲੱਗਣ ਤੱਕ, ਲਕਾਤੋਸ ਅਤੇ ਉਸਦੇ ਸਹਿਯੋਗੀ  ਫਰਾਂਸ ਭੱਜ ਗਏ ਸਨ। ਇਸ ਮਹਿਲਾ ਨੂੰ ਪਿਛਲੇ ਸਾਲ ਸਤੰਬਰ ਵਿੱਚ ਯੂਰਪੀਅਨ ਗ੍ਰਿਫਤਾਰੀ ਵਾਰੰਟ ‘ਤੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮੁਕੱਦਮੇ ਦੀ ਸੁਣਵਾਈ ਲਈ ਬ੍ਰਿਟੇਨ ਵਾਪਸ ਲਿਆਂਦਾ ਗਿਆ ਸੀ। ਲਕਾਤੋਸ ਨਾਲ ਕੰਮ ਕਰਨ ਵਾਲੇ ਦੋ ਆਦਮੀਆਂ ਨੂੰ ਵੀ ਚੋਰੀ ਦੀ ਸਾਜਿਸ਼ ਰਚਣ ਲਈ ਦੋਸ਼ੀ ਮੰਨਦਿਆਂ 3 ਸਾਲ 8 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਸੀ।  ਜਦਕਿ ਪੁਲਿਸ ਅਜੇ ਵੀ ਇਸ ਚੋਰੀ ਵਿੱਚ ਦੋ ਹੋਰ ਔਰਤਾਂ ਦੇ ਹੋਣ ਬਾਰੇ ਜਾਂਚ ਕਰ ਰਹੀ ਹੈ।

Share This :

Leave a Reply