ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਲੰਡਨ ‘ਚ ਮੈਟਰੋਪੋਲੀਟਨ ਪੁਲਿਸ ਕਮਿਸ਼ਨਰ ਕ੍ਰੈਸਿਡਾ ਡਿਕ ਦੇ ਕਾਰਜਕਾਲ ‘ਚ 2 ਸਾਲ ਦਾ ਵਾਧਾ ਕੀਤਾ ਗਿਆ ਹੈ। ਯੂਕੇ ਦੇ ਹੋਮ ਆਫਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੈਟਰੋਪੋਲੀਟਨ ਪੁਲਿਸ ਕਮਿਸ਼ਨਰ ਵਜੋਂ ਉਸਦੇ ਕਾਰਜਕਾਲ ‘ਚ ਦੋ ਸਾਲ ਦਾ ਵਾਧਾ ਮਹਾਰਾਣੀ ਦੁਆਰਾ ਗ੍ਰਹਿ ਸਕੱਤਰ ਦੀ ਸਿਫਾਰਸ਼ ਤੋਂ ਬਾਅਦ ਕੀਤਾ ਗਿਆ। ਕ੍ਰੈਸਿਡਾ ਦੀ ਨਿਯੁਕਤੀ ਲਈ ਨਿਰਧਾਰਿਤ ਮਿਆਦ ਅਪ੍ਰੈਲ 2022 ਵਿਚ ਖਤਮ ਹੋਣੀ ਸੀ ਅਤੇ ਇਸ ਦੌਰਾਨ ਅਸਤੀਫੇ ਦੀ ਮੰਗ ਨਾਲ ਉਸਨੂੰ ਸਖਤ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ।
ਇਸ ਸਬੰਧੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਦੱਸਿਆ ਕਿ ਕ੍ਰੈਸਿਡਾ ਅਪ੍ਰੈਲ 2024 ਤਕ ਮੈਟਰੋਪੋਲੀਟਨ ਪੁਲਿਸ ਦੀ ਅਗਵਾਈ ਕਰਦੀ ਰਹੇਗੀ। ਲੰਡਨ ਦੇ ਮੇਅਰ ਸਾਦਿਕ ਖਾਨ ਅਨੁਸਾਰ ਵੀ ਕ੍ਰੈਸਿਡਾ ਲੰਡਨ ਨੂੰ ਤਜ਼ਰਬੇਕਾਰ ਅਤੇ ਮਜ਼ਬੂਤ ਅਗਵਾਈ ਪ੍ਰਦਾਨ ਕਰੇਗੀ। ਪੁਲਿਸ ਦੇ ਅਧਿਕਾਰੀਆਂ ਨੇ ਉਸ ਨੂੰ ਪੂਰਾ ਸਮਰਥਨ ਦਿੱਤਾ ਜਦੋਂ ਕਿ ਆਲੋਚਕਾਂ ਨੇ ਉਸਨੂੰ ਬਦਲਣ ਦੀ ਮੰਗ ਕੀਤੀ। ਕਈ ਉੱਚ-ਸ਼ਖਸੀਅਤਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖੇ ਇਕ ਖੁੱਲ੍ਹੇ ਪੱਤਰ ‘ਤੇ ਹਸਤਾਖਰ ਕੀਤੇ ਸਨ, ਜਿਸ ਵਿਚ ਕ੍ਰੈਸਿਡਾ ਨੂੰ ਅਯੋਗ ਦੱਸਦਿਆਂ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਗਈ ਸੀ। ਹਸਤਾਖਰ ਕਰਨ ਵਾਲਿਆਂ ‘ਚ ਬੈਰੋਨੇਸ ਡੋਰੀਨ ਲਾਰੈਂਸ, ਲੇਡੀ ਡਾਇਨਾ ਬ੍ਰਿਟਨ, ਸਾਬਕਾ ਟੋਰੀ ਐੱਮ.ਪੀ. ਹਾਰਵੇ ਪ੍ਰੌਕਟਰ ਅਤੇ ਪਾਲ ਗਾਮਬੈਕਸਿਨੀ ਆਦਿ ਸ਼ਾਮਲ ਸਨ।