ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਰਾਜਧਾਨੀ ਲੰਡਨ ਵਿੱਚ ਸੜਕਾਂ ‘ਤੇ ਈ- ਸਕੂਟਰਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ। ਇਹਨਾਂ ਨੂੰ ਚਲਾਉਣ ਵੇਲੇ ਖਾਸ ਕਰਕੇ ਛੋਟੇ ਬੱਚੇ ਹਾਦਸਿਆਂ ਦੇ ਸ਼ਿਕਾਰ ਵੀ ਹੋ ਜਾਂਦੇ ਹਨ। ਐਤਵਾਰ ਨੂੰ ਅਜਿਹੇ ਹੀ ਇੱਕ ਹਾਦਸੇ ਦਾ ਸ਼ਿਕਾਰ ਹੋਏ 16 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੱਖਣ-ਪੂਰਬੀ ਲੰਡਨ ਵਿੱਚ ਈ-ਸਕੂਟਰ ‘ਤੇ ਸਵਾਰ ਇੱਕ ਕਿਸ਼ੋਰ ਲੜਕੇ ਦੀ ਕਾਰ ਨਾਲ ਟਕਰਾਉਣ ਨਾਲ ਹੋਏ ਹਾਦਸੇ ਵਿੱਚ ਮੌਤ ਹੋ ਗਈ। ਇਹ ਟੱਕਰ ਐਤਵਾਰ ਸਵੇਰੇ ਬਰੌਮਲੀ ਦੀ ਸਾਊਥਬਰੋ ਲੇਨ ਵਿੱਚ ਹੋਈ।
ਈ-ਸਕੂਟਰ ‘ਤੇ ਸਵਾਰ ਲੜਕੇ ਵਿੱਚ ਕਾਰ ਵੱਜਣ ਕਾਰਨ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਲੰਡਨ ਦੇ ਕੇਂਦਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਇੱਕ ਲਾਲ ਫਿਏਟ ਪੈਂਟੋ ਕਾਰ ਦਾ ਡਰਾਈਵਰ, ਟੱਕਰ ਤੋਂ ਬਾਅਦ ਘਟਨਾ ਸਥਾਨ ‘ਤੇ ਨਹੀਂ ਰੁਕਿਆ ਜੋ ਕਿ ਬਾਅਦ ਵਿੱਚ ਵਾਹਨ ਸਮੇਤ ਸਾਊਥਵੁੱਡ ਕਲੋਜ਼, ਬਰੋਮਲੇ ਵਿੱਚ ਮਿਲਿਆ। ਇਸ ਕਾਰ ਦੇ 20 ਸਾਲਾਂ ਡਰਾਈਵਰ ਨੂੰ ਦੁਰਘਟਨ ਸਥਾਨ ‘ਤੇ ਨਾ ਰੁਕਣ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ। ਫਿਲਹਾਲ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।