ਬਿਨਾਂ ਚੈੱਕ ਕੀਤੇ ਬੈਂਕ ਨੂੰ ਤਾਲਾ, 2.5 ਘੰਟੇ ਤੱਕ ਫਸੇ ਰਹੇ ਪਿਓ-ਪੁੱਤ

ਲੁਧਿਆਣਾ, ਮੀਡੀਆ ਬਿਊਰੋ:

ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਲਾਪਰਵਾਹੀ ਦੇ ਚੱਲਦੇ ਪਿਓ-ਪੁੱਤ ਨੂੰ ਬੈਂਕ ਦੇ ਅੰਦਰ ਬੰਦ ਕਰ ਦਿੱਤਾ ਗਿਆ। ਢਾਈ ਘੰਟੇ ਤਕ ਵਿਅਕਤੀ ਅਤੇ ਉਸ ਦਾ ਪੰਜ ਸਾਲਾ ਪੁੱਤਰ ਬੈਂਕ ਦੇ ਅੰਦਰ ਹੀ ਬੰਦ ਰਹੇ। ਵਿਅਕਤੀ ਨੇ ਇਸ ਸਬੰਧੀ ਪੁਲਿਸ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਬੈਂਕ ਦੇ ਅੰਦਰੋਂ ਕੱਢਿਆ ਗਿਆ। ਸੁੰਦਰ ਨਗਰ ਇਲਾਕੇ ’ਚ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਨੇ ਬੈਂਕ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਬੈਂਕ ’ਚੋਂ ਬਾਹਰ ਕੱਢਣ ਤੋਂ ਬਾਅਦ ਪਿਓ ਪੁੱਤ ਦੀ ਮੈਡੀਕਲ ਜਾਂਚ ਕਰਵਾਈ ਗਈ। ਲੋਕਾਂ ਨੇ ਬੈਂਕ ਦੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਜਾਣਕਾਰੀ ਦਿੰਦਿਆਂ ਲੋਕਾਂ ਨੇ ਦੱਸਿਆ ਕਿ ਬੈਂਕ ਵਿੱਚ ਕੋਈ ਵੀ ਸੁਰੱਖਿਆ ਮੁਲਾਜ਼ਮ ਨਹੀਂ ਹੈ, ਜਿਸ ਕਾਰਨ ਬੈਂਕ ਦੇ ਅਧਿਕਾਰੀ ਸ਼ਾਮ ਵੇਲੇ ਜਾਂਦੇ ਸਮੇਂ ਮੁੱਖ ਗੇਟ ਨੂੰ ਤਾਲਾ ਲਗਾ ਦਿੰਦੇ ਹਨ।

ਢਾਈ ਘੰਟੇ ਤੱਕ ਬੈਂਕ ਦੇ ਅੰਦਰ ਬੰਦ ਰਹੇ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਬੇਟੇ ਨਾਲ ਕੈਸ਼ ਡਿਪਾਜ਼ਿਟ ਮਸ਼ੀਨ ’ਚ ਨਕਦੀ ਜਮ੍ਹਾ ਕਰਵਾਉਣ ਲਈ ਬੈਂਕ ਆਇਆ ਸੀ। ਇਸ ਦੌਰਾਨ ਬੈਂਕ ਅਧਿਕਾਰੀਆਂ ਨੇ ਸ਼ਟਰ ਨੂੰ ਹੇਠਾਂ ਸੁੱਟ ਕੇ ਤਾਲਾ ਲਗਾ ਦਿੱਤਾ ਅਤੇ ਖੁਦ ਚਲੇ ਗਏ।

ਵਿਅਕਤੀ ਨੇ ਦੱਸਿਆ ਕਿ ਉਸ ਨੇ ਰੌਲਾ ਪਾਇਆ ਅਤੇ ਇਹ ਆਖਿਆ ਕਿ ਉਹ ਅੰਦਰ ਫਸਿਆ ਹੋਇਆ ਹੈ ਪਰ ਉਕਤ ਬੈਂਕ ਅਧਿਕਾਰੀ ਉਸ ਨੂੰ ਨਜ਼ਰਅੰਦਾਜ਼ ਕਰ ਕੇ ਚਲੇ ਗਏ। ਬਾਅਦ ’ਚ ਉਸ ਨੇ ਪੁਲਿਸ ਨੂੰ ਫੋਨ ਕੀਤਾ। ਥਾਣਾ ਦਰੇਸੀ ਦੇ ਐੱਸਐੱਚਓ ਸਬ-ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲੀਸ 10 ਮਿੰਟਾਂ ਵਿੱਚ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਬੈਂਕ ਅਧਿਕਾਰੀਆਂ ਨੂੰ ਬੁਲਾਇਆ, ਜਿਨ੍ਹਾਂ ਨੂੰ ਮੌਕੇ ’ਤੇ ਪਹੁੰਚਣ ਲਈ ਘੱਟੋ-ਘੱਟ ਇਕ ਘੰਟੇ ਦਾ ਸਮਾਂ ਲੱਗਾ। ਐੱਸਐੱਚਓ ਨੇ ਕਿਹਾ ਕਿ ਪੁਲਿਸ ਵਿਅਕਤੀ ਦੇ ਬਿਆਨ ਦਰਜ ਕਰਕੇ ਬੈਂਕ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰੇਗੀ।

Share This :

Leave a Reply