ਸ਼ਰਾਬ ਤਸਕਰਾਂ ਦੀਆਂ ਜਾਇਦਾਦਾਂ ਕੀਤੀਆਂ ਜਾਣਗੀਆਂ ਕੁਰਕ-ਸੋਨੀ

ਪਿੰਡ ਮੁੱਛਲ ਵਿਖੇ ਸ਼ਰਾਬ ਕਾਂਡ ਦੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਸ੍ਰੀ ਓ ਪੀ ਸੋਨੀ, ਸ. ਜਸਬੀਰ ਸਿੰਘ ਡਿੰਪਾ, ਸ. ਗੁਰਜੀਤ ਸਿੰਘ ਔਜਲਾ, ਸ. ਸੰਤੋਖ ਸਿੰਘ ਭਲਾਈਪੁਰ, ਸ੍ਰੀ ਰਾਜ ਕੁਮਾਰ ਚੱਬੇਵਾਲ, ਸ੍ਰੀ ਸੁਖਵਿੰਦਰ ਸਿੰਘ ਡੈਨੀ ਅਤੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ।

ਅੰਮ੍ਰਿਤਸਰ (ਮੀਡੀਆ ਬਿਊਰੋ) ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰੇਦਸ਼ਾਂ ਉਤੇ ਨਕਲੀ ਸ਼ਰਾਬ ਮਾਮਲੇ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ, ਲੋਕ ਸਭਾ ਮੈਂਬਰ ਸ. ਜਸਬੀਰ ਸਿੰਘ ਡਿੰਪਾ, ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਵਿਧਾਇਕ ਸ. ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਸ੍ਰੀ ਰਾਜ ਕੁਮਾਰ ਚੱਬੇਵਾਲ, ਵਿਧਾਇਕ ਸ੍ਰੀ ਸੁਖਵਿੰਦਰ ਸਿੰਘ ਡੈਨੀ, ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਅਤੇ ਜਿਲਾ ਪੁਲਿਸ ਮੁਖੀ ਸ੍ਰੀ ਧੁਰਵ ਦਾਹੀਆ ਵਿਸ਼ੇਸ਼ ਤੌਰ ਉਤੇ ਪਿੰਡ ਮੁੱਛਲ ਪੁੱਜੇ। ਇਸ ਮੌਕੇ ਦੁਖੀ ਪਰਿਵਾਰਾਂ ਨੂੰ ਢਾਰਸ ਦਿੰਦੇ ਸ੍ਰੀ ਸੋਨੀ ਨੇ ਕਿਹਾ ਕਿ ਤਹਾਨੂੰ ਇਨਸਾਫ ਦਿਵਾਇਆ ਜਾਵੇਗਾ, ਚਾਹੇ ਦੋਸ਼ੀ ਕਿਸੇ ਵੀ ਪਾਰਟੀ ਜਾਂ ਧੜੇ ਦੇ ਵਿਅਕਤੀ ਹੋਣ, ਬਖਸ਼ੇ ਨਹੀਂ ਜਾਣਗੇ ਅਤੇ ਉਨਾਂ ਨੂੰ ਕੇਵਲ ਜੇਲ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ, ਬਲਕਿ ਉਨਾਂ ਦੀ ਜਾਇਦਾਦਾਂ ਵੀ ਕੁਰਕ ਕੀਤੀਆਂ ਜਾਣਗੀਆਂ।

ਉਨਾਂ ਦੱਸਿਆ ਕਿ ਕੱਲ ਸ਼ਾਮ ਤੱਕ ਇਸ ਸਬੰਧ ਵਿਚ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 37 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪੜਤਾਲ ਤੇਜ਼ੀ ਨਾਲ ਜਾਰੀ ਹੈ। ਉਨਾਂ ਦੱਸਿਆ ਕਿ ਮੁਅੱਤਲ ਕੀਤੇ ਪੁਲਿਸ ਤੇ ਸਿਵਲ ਅਧਿਕਾਰੀਆਂ ਖਿਲਾਫ ਵੀ ਵਿਭਾਗੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਉਹ ਪੀੜਤ ਪਰਿਵਾਰਾਂ ਨੂੰ ਰੈਡ ਕਾਰਸ ਵਿਚੋਂ ਤਰੁੰਤ 10-10 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇਣ, ਤਾਂ ਜੋ ਇਹ ਪਰਿਵਾਰ ਰੋਟੀ ਤੋਂ ਵਿਰਵੇ ਨਾ ਰਹਿਣ। ਉਨਾਂ ਐਸ ਡੀ ਐਮ ਮੇਜਰ ਸੁਮਿਤ ਮੁੱਧ, ਜੋ ਕਿ ਮੌਕੇ ਉਤੇ ਹਾਜ਼ਰ ਸਨ, ਨੂੰ ਵੀ ਹਦਾਇਤ ਕੀਤੀ ਕਿ ਉਹ ਸਬੰਧਤ ਪਰਿਵਾਰਾਂ ਦੀ ਲੋੜ ਅਨੁਸਾਰ ਹਰ ਸੰਭਵ ਮਦਦ, ਜਿਸ ਵਿਚ ਬੁਢਪਾ, ਵਿਧਵਾ, ਆਸ਼ਰਿਤ ਪੈਨਸ਼ਨ ਤੇ ਰਾਸ਼ਨ ਕਾਰਡ ਆਦਿ ਸ਼ਾਮਿਲ ਹਨ, ਤੁਰੰਤ ਜਾਰੀ ਕਰਵਾਉਣ। ਇਸ ਮੌਕੇ ਪਰਿਵਾਰਾਂ ਨਾਲ ਦੁੱਖ ਸਾਂਝੇ ਕਰਦੇ ਲੋਕ ਸਭਾ ਮੈਂਬਰ ਸ. ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਉਹ ਆਪਣੇ ਸਾਥੀ ਮੈਬਰਾਂ ਨਾਲ ਮਿਲਕੇ ਲੋਕ ਸਭਾ ਵਿਚ ਇਹ ਮੰਗ ਕਰਨਗੇ ਕਿ ਸ਼ਰਾਬ ਵਿਚ ਪੈਂਦੇ ਕੈਮੀਕਲ ਨੂੰ ਐਨ. ਡੀ. ਪੀ. ਐਸ ਐਕਟ ਅਧੀਨ ਲਿਆਂਦਾ ਜਾਵੇ, ਤਾਂ ਜੋ ਇਹ ਗਲਤ ਕੰਮ ਕਰਦੇ ਲੋਕਾਂ ਨੂੰ ਵੱਡੀ ਸਜ਼ਾ ਦਿੱਤੀ ਜਾ ਸਕੇ। ਇਕ ਸਵਾਲ ਦੇ ਜਵਾਬ ਵਿਚ ਉਨਾਂ ਉਕਤ ਕਾਂਡ ਦੀ ਸੀ ਬੀ ਆਈ ਤੋਂ ਕੀਤੀ ਜਾ ਰਹੀ ਮੰਗ ਨੂੰ ਰੱਦ ਕਰਦੇ ਕਿਹਾ ਕਿ ਡੀ.ਜੀ.ਪੀ ਦਿਨਕਰ ਗੁਪਤਾ ਦੀ ਅਗਵਾਈ ਹੇਠ ਪੰਜਾਬ ਪੁਲਿਸ ਜੀ-ਜਾਨ ਨਾਲ ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਪੂਰੀ ਤਾਕਤ ਨਾਲ ਪੜਤਾਲ ਵਿਚ ਜੁੱਟੀ ਹੋਈ ਹੈ ਅਤੇ ਮੁੱਖ ਮੰਤਰੀ ਖ਼ੁਦ ਇਸ ਮੁੱਦੇ ਨੂੰ ਵੇਖ ਰਹੇ ਹਨ। ਪੁਲਿਸ ਲਗਾਤਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਰਹੀ ਹੈ। ਹੁਣ ਤੱਕ 37 ਵਿਅਕਤੀਆਂ ਨੂੰ ਗ੍ਰਿਫਤਾਰ ਕਰਨਾ ਅਤੇ ਨਾਜਾਇਜ਼ ਸ਼ਰਾਬ ਮਾਫੀਆ ਜੋ ਕਿ ਸੂਬੇ ਦੇ ਕਈ ਜ਼ਿਲਿਆਂ ਵਿਚ ਆਪਣਾ ਜਾਲ ਫੈਲਾ ਚੁੱਕਿਆ ਸੀ, ਦੇ ਪੰਜ ਸਰਗਨਾ ਵੀ ਕਾਬੂ ਕਰਨਾ ਵੱਡੀ ਪ੍ਰਾਪਤੀ ਹੈ। ਇਸ ਮੌਕੇ ਸ੍ਰੀ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਹੁਣ ਤੱਕ ਇਸ ਜ਼ਹਿਰਲੀ ਸ਼ਰਾਬ ਕਾਰਨ 117 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਉਨਾਂ ਕਿਹਾ ਕਿ ਪਰਿਵਾਰਾਂ ਦੇ ਕਮਾਊ ਮੈਂਬਰਾਂ ਦਾ ਤੁਰ ਜਾਣਾ ਵੱਡਾ ਘਾਟਾ ਹੈ, ਪਰ ਸਰਕਾਰ ਇਸਦੇ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਪਰਿਵਾਰਾਂ ਨੂੰ ਇਨਸਾਫ ਦਿਵਾਏਗੀ। ਉਨਾਂ ਕਿਹਾ ਕਿ ਇਸ ਮਾਮਲੇ ਵਿਚ ਕਈ ਹੋਰ ਤਾਰ ਜੁੜੇ ਹੋਣ ਦੇ ਪੱਖ ਦੀ ਵੀ ਬਾਰੀਕੀ ਨਾਲ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਵਿਧਾਇਕ ਸ੍ਰੀ ਰਾਜ ਕੁਮਾਰ ਚੱਬੇਵਾਲ ਨੇ ਪਰਿਵਾਰਾਂ ਨਾਲ ਹਮਦਰਦੀ ਕਰਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। ਇਸ ਮੌਕੇ ਐਸ ਡੀ ਐਮ ਮੇਜਰ ਸੁਮਿਤ ਮੁੱਧ, ਸ. ਸਾਧੂ ਸਿੰਘ ਸੰਧੂ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।

Share This :

Leave a Reply