ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ ਦੀ ਅਗਵਾਈ ’ਚ ਅਮਰਜੀਤ ਸਿੰਘ ਖੱਟੜਾ ਸਾਥੀਆਂ ਸਮੇਤ ਅਕਾਲੀ ਦਲ ਸੰਯੁਕਤ ’ਚ ਹੋਏ ਸ਼ਾਮਲ

ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਨੇੜਲੇ ਪਿੰਡ ਖੱਟੜਾ ਵਿਖੇ ਖੱਟੜਾ ਪਰਿਵਾਰ ਵੱਲੋਂ ਆਯੋਜਤ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅਮਰਜੀਤ ਸਿੰਘ ਖੱਟੜਾ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਤੇ ਸਰਪ੍ਰਸਤ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਹਾਜ਼ਰੀ ਵਿਚ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ਸ੍ਰ. ਢੀਡਸਾ ਤੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਵੱਲੋਂ ਅਮਰਜੀਤ ਸਿੰਘ ਖੱਟੜਾ, ਹਰਦੀਪ ਸਿੰਘ ਖੱਟੜਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਖੱਟੜਾ ਪਰਿਵਾਰ ਨੂੰ ਪੰਥ ਰਤਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਛਾਤੀ ਨਾਲ ਲਗਾ ਕੇ ਰੱਖਿਆ ਸੀ, ਉਹ ਵੀ ਖੱਟੜਾ ਪਰਿਵਾਰ ਨੂੰ ਆਪਣੇ ਪਰਿਵਾਰ ਦਾ ਮੈਂਬਰ ਬਣਾ ਕੇ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦੇਣਗੇ।

ਇਸ ਪਰਿਵਾਰ ਦੇ ਪਾਰਟੀ ਵਿਚ ਆਉਣ ਨਾਲ ਪਾਰਟੀ ਨੂੰ ਇਲਾਕੇ ਵਿਚ ਵੱਡਾ ਹੁੰਗਾਰਾ ਮਿਲੇਗਾ। ਇਸ ਮੌਕੇ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਤੇ ਸਟੈਂਡ ਸਪਸ਼ਟ ਹੈ ਕਿ ਇਸ ਘਟਨਾ ਲਈ ਜਿੰਮੇਵਾਰ ਲੋਕਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸੰਯੁਕਤ ਪੰਥ ਦਰਦੀਆਂ ਦੀ ਪਾਰਟੀ ਹੈ, ਜਿਸ ਦਾ ਇਕੋ ਇਕ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਰਿਵਾਰਵਾਦ ਤੋਂ ਮੁਕਤ ਕਰਵਾਉਣਾ ਅਤੇ ਪੰਜਾਬ ਦੇ ਲੋਕਾਂ ਦੀ ਅਵਾਜ਼ ਬਣ ਦੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ’ਤੇ ਲੈ ਕੇ ਜਾਣਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸੰਯੁਕਤ ਵੱਖ-ਵੱਖ ਹਮਖਿਆਲੀ ਧਿਰਾਂ ਨਾਲ ਰਲ ਦੇ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਵੱਡੀ ਧਿਰ ਵਜੋਂ ਉਭਰੇਗੀ ਅਤੇ ਝੂਠ ਦੇ ਸਹਾਰੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਪਾਰਟੀਆਂ ਦੇ ਚੁੰਗਲ ਵਿਚੋਂ ਬਾਹਰ ਕੱਢਣ ਦਾ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਜੋ ਮੁੱਦੇ ਲੈ ਕੇ ਜਾਣੇ ਹਨ ਉਸ ਲਈ ਜਸਟਿਸ ਨਿਰਮਲ ਸਿੰਘ ਦੀ ਅਗਵਾਈ ਹੇਠਾਂ ਮੈਨੀਫੈਸਟੋ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵੱਲੋਂ ਪੰਜਾਬ ਦੇ ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਮੁੱਦੇ ਉਭਾਰੇ ਜਾਣਗੇ ਹਨ।

ਜਿਨ੍ਹਾਂ ਨੂੰ ਚੋਣ ਮਨੋਰਥ ਪੱਤਰ ਵਿਚ ਲਿਆਂਦਾ ਜਾਵੇਗਾ ਅਤੇ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਧਾਨ ਸਭਾ ਵਿਚ ਅਕਾਲੀ ਦਲ ਨੂੰ ਗਦਾਰ ਪਾਰਟੀ ਕਹਿਣ ਦਾ ਨੋਟਿਸ ਲੈਂਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਇਨ੍ਹਾਂ ਸ਼ਬਦਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬਹੁਤ ਹੀ ਲਾਮਿਸਾਲ ਹੈ, ਇਸ ਲਈ ਪਾਰਟੀ ਗਦਾਰ ਨਹੀਂ ਇਸ ਵਿਚ ਬੈਠੇ ਕੁੱਝ ਪਰਿਵਾਰ ਜ਼ਰੂਰ ਗਦਾਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਕ ਪੱਤਰ ਲਿਖ ਕੇ ਇਸ ਲਈ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ, ਜੇਕਰ ਉਨ੍ਹਾਂ ਮੁਆਫੀ ਨਹੀਂ ਮੰਗੀ ਤਾਂ ਉਨ੍ਹਾਂ ਦੀ ਪਾਰਟੀ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰੇਗੀ।

ਇਸ ਮੌਕੇ ਪਾਰਟੀ ਵਿਚ ਸ਼ਾਮਲ ਹੋਏ ਅਮਰਜੀਤ ਸਿੰਘ ਖੱਟੜਾ ਨੇ ਕਿਹਾ ਕਿ ਸ੍ਰ. ਸੁਖਦੇਵ ਸਿੰਘ ਢੀਂਡਸਾ ਪੰਜਾਬ ਦੇ ਲੋਕਾਂ ਦੀ ਨਬਜ਼ ਨੂੰ ਪਛਾਣਿਆ ਹੈ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਜੋ ਅਵਾਜ਼ ਬਲੰਦ ਕੀਤੀ ਹੈ, ਉਨ੍ਹਾਂ ਦਾ ਸਮੁੱਚਾ ਪਰਿਵਾਰ ਤੇ ਉਨ੍ਹਾਂ ਦੇ ਸਾਥੀ ਸ੍ਰ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਹਨ। ਇਸ ਮੌਕੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਜੱਥੇਦਾਰ ਜੱਸਾ ਸਿੰਘ ਗਲਵੱਡੀ, ਮਾਨ ਸਿੰਘ ਗਰਚਾ, ਸੁਖਦੇਵ ਸਿੰਘ ਜ਼ਿਲਾ ਪ੍ਰਧਾਨ, ਖੱਟੜਾ ਪਰਿਵਾਰ ਦੇ ਜਗਜੀਤ ਸਿੰਘ, ਗੁਰਦੀਪ ਸਿੰਘ, ਸੁਰਜੀਤ ਸਿੰਘ, ਜਸਵਿੰਦਰ ਸਿੰਘ, ਵਰਿੰਦਰ ਸਿੰਘ, ਪ੍ਰਭਜੋਤ ਸਿੰਘ, ਬਲਜਿੰਦਰ ਸਿੰਘ, ਸਰਬਜੀਤ ਸਿੰਘ ਕਮਲਜੀਤ ਸਿੰਘ ਹਰਸ਼ਬਾਜ ਸਿੰਘ ਖੱਟੜਾ, ਹਰਿੰਦਰ ਸਿੰਘ ਖੱਟੜਾ, ਰਾਜਵਿੰਦਰ ਸਿੰਘ ਖੱਟੜਾ, ਜਗਦੀਪ ਸਿੰਘ ਖੱਟੜਾ, ਹਰਦੀਪ ਸਿੰਘ ਟਿਵਾਣਾ, ਜੋਗਾ ਸਿੰਘ ਚਾਪੜ, ਬਲਬੀਰ ਸਿੰਘ ਬੁੱਲੇਪੁਰ, ਸੰਦੀਪ ਸਿਘ ਰੁਪਾਲੋਂ, ਅਜਾਇਬ ਸਿੰਘ ਸੁੱਖਾ, ਅਵਤਾਰ ਸਿੰਘ ਢਿੱਲੋਂ, ਗੁਰਜੀਤ ਸਿੰਘ ਖੱਟੜਾ, ਰਾਕੇਸ਼ ਕੁਮਾਰ, ਗੁਰਦੀਪ ਸਿੰਘ, ਰਾਮ ਚੰਦ ਤੋਂ ਇਲਾਵਾ ਇਲਾਕੇ ਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

Share This :

Leave a Reply