ਲੰਬੀ, ਮੀਡੀਆ ਬਿਊਰੋ:
ਗੁਲਾਬੀ ਸੁੰਡੀ ਨਾਲ ਖ਼ਰਾਬ ਹੋਈ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ’ਚ ਲੰਬੀ ਦੇ ਨਾਇਬ ਤਹਿਸੀਲਦਾਰ ਅਰਜਿੰਦਰ ਸਿੰਘ ਸਮੇਤ ਹੋਰ ਸਟਾਫ ਨੂੰ ਦਫ਼ਤਰ ਵਿਚ ਸ਼ਾਮ ਨੂੰ ਬੰਧਕ ਬਣਾ ਲਿਆ ਗਿਆ। ਇਸ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਲਾਠੀਚਾਰਜ ਕਰ ਕੇ ਕਿਸਾਨਾਂ ਨੂੰ ਖਦੇੜਨ ਤੋਂ ਬਾਅਦ ਨਾਇਬ ਤਹਿਸੀਲਦਾਰ ਸਮੇਤ ਹੋਰ ਸਟਾਫ ਬਾਹਰ ਆ ਸਕਿਆ। ਉਧਰ ਪੁਲਿਸ ਦੇ ਲਾਠੀਚਾਰਜ ਵਿਚ ਸੱਤ ਕਿਸਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਲੰਬੀ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।
ਇਨ੍ਹਾਂ ਜ਼ਖ਼ਮੀ ਕਿਸਾਨਾਂ ਵਿਚ ਹਰਪਾਲ ਸਿੰਘ ਕਿੱਲਿਆਂਵਾਲੀ, ਨਿਸ਼ਾਨ ਸਿੰਘ ਕੱਖਾਂਵਾਲੀ, ਜਗਦੀਪ ਸਿੰਘ ਖੁੱਡੀਆਂ, ਦਵਿੰਦਰ ਸਿੰਘ ਮਾਨਾਂਵਾਲਾ, ਐੱਮਪੀ ਸਿੰਘ ਭੁੱਲਰਵਾਲਾ, ਗੁਰਲਾਭ ਸਿੰਘ ਕੱਖਾਂਵਾਲੀ, ਕਾਲਾ ਸਿੰਘ ਖੁੰਨਣ ਖ਼ੁਰਦ ਆਦਿ ਸ਼ਾਮਿਲ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਗੁਲਾਬੀ ਸੁੰਡੀ ਨਾਲ ਖ਼ਰਾਬ ਹੋਈ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਦੇ ਮਾਮਲੇ ਵਿਚ ਮੁਕਤਸਰ ਜ਼ਿਲ੍ਹੇ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ। ਮੁਕਤਸਰ ਜ਼ਿਲ੍ਹੇ ’ਚ ਜ਼ਿਆਦਾਤਰ ਨਰਮੇ ਦੀ ਖੇਤੀ ਲੰਬੀ ਬਲਾਕ ’ਚ ਹੀ ਹੁੰਦੀ ਹੈ। ਲੰਬੀ ਬਲਾਕ ਦੇ ਸਿਰਫ਼ ਛੇ ਪਿੰਡਾਂ ਨੂੰ ਹੀ ਗਿਰਦਾਵਰੀ ’ਚ ਸ਼ਾਮਿਲ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਵੀ ਅਜੇ ਤਕ ਮੁਆਵਜ਼ਾ ਨਹੀਂ ਦਿੱਤਾ ਗਿਆ, ਜਦੋਂਕਿ 30 ਦੇ ਕਰੀਬ ਹੋਰ ਪਿੰਡ ਇਸ ’ਚ ਸ਼ਾਮਿਲ ਹੀ ਨਹੀਂ ਕੀਤੇ ਗਏ।
ਭਾਕਿਯੂ ਨੇ ਹੁਣ ਤਹਿਸੀਲ ਦਫ਼ਤਰ ਦੇ ਬਾਹਰ ਧਰਨਾ ਲਾਇਆ ਹੋਇਆ ਹੈ। ਦੂਜੇ ਪਾਸੇ ਕਿਸਾਨਾਂ ਨੂੰ ਬੰਧਕ ਬਣਾਏ ਜਾਣ ’ਤੇ ਦੇਰ ਰਾਤ ਨੂੰ ਹੀ ਪਟਵਾਰੀਆਂ ਨੇ ਬਾਹਰ ਆਉਣ ਤੋਂ ਬਾਅਦ ਨੈਸ਼ਨਲ ਹਾਈਵੇ ’ਤੇ ਧਰਨਾ ਕੇ ਕੇ ਰੋਸ ਪ੍ਰਦਰਸ਼ਨ ਕੀਤਾ। ਹੁਣ ਬੰਧਕ ਬਣਾਉਣ ਵਾਲੇ ਕਿਸਾਨਾਂ ’ਤੇ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਜ਼ਿਲ੍ਹੇ ਦੇ ਸਾਰੇ ਐੱਸਡੀਐੱਮ ਤੇ ਤਹਿਸੀਲ ਦਫ਼ਤਰਾਂ ਦੇ ਮੁਲਾਜ਼ਮਾਂ ਨੇ ਹੜਤਾਲ ’ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਸੂਬੇ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਵੀ ਪਿੰਡ ਬਾਦਲ ਸਥਿਤ ਗੈਸਟ ਹਾਊਸ ਵਿਖੇ ਇਕੱਠੇ ਹੋਣਗੇ।