ਖੰਨਾ (ਪਰਮਜੀਤ ਸਿੰਘ ਧੀਮਾਨ) – ਮੋਦੀ ਹਕੂਮਤ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਅਤੇ ਹੋਰ ਲੋਕਾਂ ਵੱਲੋਂ ਸ਼ਾਂਤਮਈ ਸੰਘਰਸ਼ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦਾ ਜੱਥਾ ਰੇਲਵੇ ਸਟੇਸ਼ਨ ਤੋਂ ਸਿੰਘੂ ਬਾਰਡਰ ਲਈ ਰਵਾਨਾ ਹੋਇਆ। ਇਸ ਮੌਕੇ ਪ੍ਰਗਟ ਸਿੰਘ ਕੋਟ ਪਨੈਚ ਅਤੇ ਬਲਵੰਤ ਸਿੰਘ ਨੇ ਕਿਹਾ ਕਿ ਮੌਜੂਦਾ ਸਮਾਂ ਝੋਨੇ ਦੀ ਕਟਾਈ ਦੇ ਨਾਲ ਨਾਲ ਕਣਕ ਦੀ ਫਸਲ ਦੀ ਬਿਜਾਈ ਲਈ ਅਹਿਮ ਰੁਝੇਵਿਆ ਭਰਿਆ ਹੋਣ ਦੇ ਬਾਵਜੂਦ ਕਿਸਾਨ ਵੱਡੀ ਗਿਣਤੀ ਵਿਚ ਦਿੱਲੀ ਰਵਾਨਾ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਲੋਕ ਰੋਹ ਅੱਗੇ ਮੋਦੀ ਸਰਕਾਰ ਨੂੰ ਝੁਕਣਾ ਹੀ ਪਵੇਗਾ ਅਤੇ ਕਿਸਾਨ ਜਲਦ ਹੀ ਇਤਿਹਾਸਕ ਜਿੱਤ ਹਾਸਲ ਕਰਨਗੇ। ਉਪਰੋਕਤ ਆਗੂਆਂ ਨੇ ਸਰਕਾਰ ਵੱਲੋਂ ਕਣਕ ਦੀ ਬਿਜਾਈ ਲਈ ਡੀ.ਏ.ਪੀ ਦੀ ਥੁੜ ਪੈਦਾ ਕਰਨ ਦੀ ਅਲੋਚਨਾ ਕਰਦਿਆਂ ਦੋਸ਼ ਲਾਇਆ ਕਿ ਸਮੇਂ ਤੋਂ ਪਹਿਲਾ ਮੰਡੀਆਂ ਬੰਦ ਕਰਨ ਦੇ ਸੰਕੇਤ, ਖਾਦ ਦੀ ਕਿੱਲਤ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ਦਾ ਪਰਦਾਫਾਸ਼ ਕਰਦੇ ਹਨ। ਇਸ ਮੌਕੇ ਦਲਵਾਰਾ ਸਿੰਘ, ਹਰਜੀਤ ਸਿੰਘ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ, ਸਿਮਰਪ੍ਰੀਤ ਸਿੰਘ, ਨੌਰੰਗ ਸਿੰਘ, ਉਜਲ ਸਿੰਘ, ਜੀਤਾ ਸਿੰਘ ਆਦਿ ਹਾਜ਼ਰ ਸਨ।






















