ਚੋਣ ਜ਼ਾਬਤੇ ਦੌਰਾਨ 68 ਮਾਮਲੇ ਦਰਜ ਤੇ 42 ਮੁਲਜ਼ਮ ਗ੍ਰਿਫ਼ਤਾਰ
ਪਟਿਆਲਾ, ਮੀਡੀਆ ਬਿਊਰੋ:
ਪੰਜਾਬ ’ਚ ਚੋਣਾਂ ਦੌਰਾਨ ‘ਲਾਲ ਪਰੀ’ ਵੰਡ ਕੇ ਵੋਟਾਂ ਲੈਣ ਦੇ ਮਾਮਲੇ ਅਕਸਰ ਚਰਚਾ ’ਚ ਰਹਿੰਦੇ ਹਨ। ਇਨ੍ਹਾਂ ਚੋਣਾਂ ’ਚ ਇਸ ਰੁਝਾਨ ਨੂੰ ਰੋਕਣ ਲਈ ਆਬਕਾਰੀ ਵਿਭਾਗ ਨੇ ‘ਰੈੱਡ ਰੋਜ਼’ ਆਪ੍ਰੇਸ਼ਨ ਤਹਿਤ ਨਾਜਾਇਜ਼ ਸ਼ਰਾਬ ਤੇ ਤਸਕਰਾਂ ਨੂੰ ਨੱਥ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਆਬਕਾਰੀ ਵਿਭਾਗ ਨੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਹੁਣ ਤਕ 30 ਹਜ਼ਾਰ 953 ਬੋਤਲਾਂ ਨਾਜਾਇਜ਼ ਸ਼ਰਾਬ, 12 ਹਜ਼ਾਰ 108 ਬੋਤਲਾਂ ਨਾਜਾਇਜ਼ ਬੀਅਰ ਤੇ 3278 ਲੀਟਰ ਲਾਹਣ ਬਰਾਮਦ ਕੀਤੀ ਹੈ। ਚੋਣਾਂ ’ਚ ਵਿਭਾਗ ਦੀ ਹੁਣ ਤਕ ਦੀ ਕਾਰਵਾਈ ਦੌਰਾਨ ‘ਲਾਲ ਪਰੀ’ ਤੇ ‘ਲਾਲ ਗੁਲਾਬ’ ਭਾਰੂ ਪੈਂਦਾ ਨਜ਼ਰ ਆ ਰਿਹਾ ਹੈ।
ਜਾਣਕਾਰੀ ਅਨੁਸਾਰ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਹੁਣ ਤਕ ਆਬਕਾਰੀ ਵਿਭਾਗ ਦੀਆਂ ਟੀਮਾਂ ਨੇ ਵੱਖ-ਵੱਖ ਥਾਵਾਂ ਤੋਂ 16221 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ’ਚ 1500 ਬੋਤਲਾਂ ਚੰਡੀਗਡ਼੍ਹ ਮਾਰਕਾ, 8593 ਬੋਤਲਾਂ ਹਰਿਆਣਾ ਮਾਰਕਾ ਤੇ 6128 ਬੋਤਲਾਂ ਨਾਜਾਇਜ਼ ਸ਼ਰਾਬ ਪੰਜਾਬ ਮਾਰਕਾ ਬਰਾਮਦ ਹੋਈ ਹੈ। ਆਬਕਾਰੀ ਵਿਭਾਗ ਨੇ ਛਾਪੇਮਾਰੀ ਕਰਦਿਆਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਦੀਆਂ 14732 ਬੋਤਲਾਂ ਤੇ ਬੀਅਰ ਦੀਆਂ 12,108 ਬੋਤਲਾਂ ਬਰਾਮਦ ਕੀਤੀਆਂ। ਇਸੇ ਨਾਲ 3278 ਲੀਟਰ ਲਾਹਣ, 2 ਚਾਲੂ ਭੱਠੀ ਤੇ 203 ਲੀਟਰ ਤਰਲ ਪਦਾਰਥ ਬਰਾਮਦ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ ਪੰਜਾਬ ਆਬਕਾਰੀ ਐਕਟ, 1914 ਤਹਿਤ 68 ਮਾਮਲੇ ਦਰਜ ਕੀਤੇ ਗਏ ਹਨ ਤੇ ਹੁਣ ਤਕ 42 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਥੋਂ ਬਰਾਮਦ ਹੋਈ ਨਾਜਾਇਜ਼ ਸ਼ਰਾਬ
ਆਬਕਾਰੀ ਵਿਭਾਗ ਨੇ ਪਟਿਆਲਾ-1 ਤੇ 2 ਇਲਾਕੇ ’ਚ 40 ਜਗ੍ਹਾ ਛਾਪੇ ਮਾਰ ਕੇ 7405 ਬੋਤਲਾਂ ਨਾਜਾਇਜ਼ ਦੇਸੀ, 14708 ਬੋਤਲਾਂ ਅੰਗਰੇਜ਼ੀ ਤੇ 12108 ਬੋਤਲਾਂ ਨਾਜਾਇਜ਼ ਬੀਅਰ ਬਰਾਮਦ ਕੀਤੀ। ਰਾਜਪੁਰਾ-1 ਤੇ 2 ’ਚ ਸੱਤ ਜਗ੍ਹਾ ਛਾਪੇ ਮਾਰ ਕੇ 1606 ਬੋਤਲਾਂ, ਨਾਭਾ-1 ਤੇ 2 ’ਚ 11 ਜਗ੍ਹਾ ਛਾਪਾ ਮਾਰ ਕੇ 634 ਬੋਤਲਾਂ, ਸਮਾਣਾ ’ਚ 40 ਜਗ੍ਹਾ ਛਾਪਾ ਮਾਰ ਕੇ ਅੰਗਰੇਜ਼ੀ ਤੇ ਦੇਸੀ ਸ਼ਰਾਬ 48 ਬੋਤਲਾਂ ਬਰਾਮਦ ਕੀਤੀ ਹੈ। ਪਾਤਡ਼ਾਂ ਵਿਖੇ 10 ਥਾਈਂ ਛਾਪਾ ਮਾਰ ਕੇ 6554 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਹੈ।
161 ਥਾਈਂ ਕੀਤੀ ਛਾਪੇਮਾਰੀ, 183 ਥਾਈਂ ਨਾਕਾਬੰਦੀ ਜਾਰੀ
ਪਟਿਆਲਾ ਰੇਂਜ ਸਹਾਇਕ ਕਮਿਸ਼ਨਰ ਇੰਦਰਜੀਤ ਸਿੰਘ ਨਾਗਪਾਲ ਨੇ ਦੱਸਿਆ ਕਿ ਏਆਈਜੀ ਐੱਚਐੱਸ ਹੁੰਦਲ, ਡਿਪਟੀ ਕਮਿਸ਼ਨਰ ਆਬਕਾਰੀ ਵਿਭਾਗ ਰਾਜਪਾਲ ਸਿੰਘ ਖਹਿਰਾ ਦੇ ਨਿਰਦੇਸ਼ਾਂ ’ਤੇ ਚੋਣ ਜ਼ਬਾਤੇ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਆਬਕਾਰੀ ਅਸਫਰ ਰੋਹਿਤ ਗਰਗ ਦੀ ਨਿਗਰਾਨੀ ਹੇਠ ਟੀਮਾਂ ਦਿਨ ਰਾਤ 161 ਥਾਈਂ ਛਾਪੇਮਾਰੀ ਕੀਤੀ ਗਈ ਹੈ ਅਤੇ ਜ਼ਿਲ੍ਹੇ ’ਚ ਵੱਖ-ਵੱਖ ਥਾਈਂ 183 ਨਾਕਾਬੰਦੀ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ਰਾਬ ਦੇ ਗੈਰ-ਕਾਨੂੰਨੀ ਭੰਡਾਰਨ ਦੀ ਕਿਸੇ ਵੀ ਘਟਨਾ ਨੂੰ ਰੋਕਣ ਲਈ ਬੰਦ ਪਏ ਗੋਦਾਮਾਂ, ਢਾਬਿਆਂ, ਫੈਕਟਰੀਆਂ ਤੇ ਖਾਲੀ ਪਈਆਂ ਇਮਾਰਤਾਂ ਦੀ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਸ਼ਰਾਬ, ਡਿਸਟਿਲੇਸ਼ਨ, ਤਸਕਰੀ ਤੇ ਸਟੋਰੇਜ਼ ਸਬੰਧੀ ਸ਼ਿਕਾਇਤ ਸੈੱਲ ਨੰਬਰ 98759-61126 ’ਤੇ ਸੰਪਰਕ ਕੀਤਾ ਜਾ ਸਕਦਾ ਹੈ।






















