ਕੋਟਕਪੂਰਾ ਗੋਲੀਕਾਂਡ: ਨਾਰਕੋ ਟੈਸਟ ਲਈ ਤਿਆਰ ਹੋਏ ਉਮਰਾਨੰਗਲ ਨੇ ਕੀਤੀ ਵੱਡੀ ਮੰਗ

ਚੰਡੀਗੜ੍ਹ (ਮੀਡੀਆ ਬਿਊਰੋ): ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਸਿਟ ਵੱਲੋਂ ਸਥਾਨਕ ਮਾਨਯੋਗ ਅਦਾਲਤ ਵਿੱਚ ਕੀਤੀ ਗਈ ਮੰਗ ਅਨੁਸਾਰ ਸਾਬਕਾ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਦਾ ਨਾਰਕੋ ਟੈਸਟ ਕਰਨ ਲਈ ਸਥਾਨਕ ਮਾਨਯੋਗ ਜੇ.ਐੱਮ.ਆਈ.ਸੀ ਦੀ ਅਦਾਲਤ ਵੱਲੋਂ ਦੇਸ਼ ਦੀ ਸਰਵ ਉੱਚ ਅਦਾਲਤ ਦੀਆਂ ਗਾਈਡ ਲਾਈਨਾਂ ਅਨੁਸਾਰ ਇਨ੍ਹਾਂ ਦਾ ਨਾਰਕੋ ਟੈਸਟ ਕਰਵਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ ਜਦਕਿ ਸਾਬਕਾ ਪੁਲਸ ਅਧਿਕਾਰੀ ਉਮਰਾਨੰਗਲ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਉਸ ਦਾ ਨਾਰਕੋ ਟੈਸਟ ਪੰਜਾਬ ਅਤੇ ਚੰਡੀਗੜ੍ਹ ‘ਚੋਂ ਬਾਹਰ ਦੱਖਣੀ ਭਾਰਤ ਦੀ ਕਿਸੇ ਸਰਕਾਰੀ ਸਿਹਤ ਸੰਸਥਾ ਵਿੱਚ ਕੀਤਾ ਜਾਵੇ ਅਤੇ ਨਾਲ ਹੀ ਇਸ ਪ੍ਰਕਿਰਿਆ ਦੀ ਰਿਕਾਰਡਿੰਗ ਵੀ ਕੀਤੀ ਜਾਣੀ ਚਾਹੀਦੀ ਹੈ। ਪਰਮਰਾਜ ਸਿੰਘ ਉਮਾਰਨੰਗਲ ਨੇ ਅਦਾਲਤ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਕਿ ਉਹ ਬਲੱਡ ਪ੍ਰੈਸ਼ਰ, ਡਾਇਬਟੀਜ਼ ਅਤੇ ਫ਼ੈਟੀ ਲੀਵਰ ਤੋਂ ਪੀੜਤ ਹੈ ਇਸ ਲਈ ਨਾਰਕੋ ਟੈਸਟ ਕਰਨ ਤੋਂ ਪਹਿਲਾਂ ਉਸ ਦੀ ਸਮੁੱਚੀ ਮੈਡੀਕਲ ਜਾਂਚ ਹੋਂਣੀ ਚਾਹੀਦੀ ਹੈ।

ਇਸੇ ਹੀ ਸਬੰਧ ਵਿੱਚ ਸਥਾਨਕ ਸਰਕਾਰੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਚੰਦਰ ਸ਼ੇਖ਼ਰ ਕਿਹਾ ਕਿ ਇਹ ਸਾਧਾਰਣ ਪ੍ਰਕਿਰਿਆ ਨਹੀਂ ਹੈ ਕਿ ਇਸ ਨੂੰ ਇਕਦਮ ਹੀ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਨਾਰਕੋ ਟੈਸਟ ਦਾ ਭਾਵ ਕਿਸੇ ਸੰਭਾਵੀ ਅਪਰਾਧੀ ਨੂੰ ਆਪਣੇ ਹੀ ਖ਼ਿਲਾਫ਼ ਗਵਾਹ ਬਣਾਉਣਾ ਹੈ ਅਤੇ ਇਹ ਪੁਲਸ ਦੀ ਥਰਡ ਡਿਗਰੀ ਪ੍ਰਕਿਰਿਆ ਤੋਂ ਕਿਤੇ ਆਸਾਨ ਹੈ।

ਉਨ੍ਹਾਂ ਦੱਸਿਆ ਕਿ ਨਾਰਕੋ ਟੈਸਟ ਪੰਜਾਬ ਵਿੱਚ ਚੰਡੀਗੜ੍ਹ ਜਾਂ ਫਿਰ ਦਿੱਲੀ ਵਿਖੇ ਉਪਲੱਬਧ ਹੈ ਅਤੇ ਇਹ ਪ੍ਰਕਿਰਿਆ ਹਾਈ ਪ੍ਰੋਫਾਇਲ ਮਾਹਰ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਵੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਾਰਕੋ ਟੈਸਟ ਦੇ ਘੇਰੇ ਵਿੱਚ ਆਏ ਹਰ ਵਿਅਕਤੀ ਦੀ ਪਹਿਲਾਂ ਮੁਕੰਮਲ ਮੈਡੀਕਲ ਜਾਂਚ ਯਕੀਨੀ ਬਣਾਈ ਜਾਂਦੀ ਹੈ ਅਤੇ ਜੇਕਰ ਉਸ ਨੂੰ ਕੋਈ ਨਾਕੰਟ੍ਰੋਲ ਹੋਣ ਵਾਲੀ ਸ਼ੂਗਰ, ਡਾਇਬਟੀਜ਼ ਜਾਂ ਹੋਰ ਕੋਈ ਤਕਲੀਫ ਹੈ ਤਾਂ ਪਹਿਲਾਂ ਉਸ ਨੂੰ ਨਾਰਮਲ ਸਥਿਤੀ ਵਿੱਚ ਲਿਆ ਕੇ ਹੀ ਪਹਿਲਾਂ ਨਾਰਕੋ ਟੈਸਟ ਕਰਨ ਵਾਲੀ ਟੀਮ ਨੂੰ ਸਬੰਧਤ ਵਿਅਕਤੀ ਦਾ ਫਿਟਨੈੱਸ ਸਰਟੀਫੀਕੇਟ ਜਾਰੀ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਇਹ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾਂਦੀ ਹੈ।

Share This :

Leave a Reply