ਬੰਗਾ, ਮੀਡੀਆ ਬਿਊਰੋ:
ਪੰਜਾਬ ਦੇ ਭਵਿੱਖੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਨੂੰ ਦੁਲਹਨ ਵਾਂਗ ਸਜਾਇਆ ਜਾ ਰਿਹਾ ਹੈ। ਸ਼ਹੀਦ-ਏ-ਆਜ਼ਮ ਮਿਊਜ਼ੀਅਮ ਅਤੇ ਇਸ ਦੇ ਪਿੱਛੇ 10 ਏਕੜ ਜ਼ਮੀਨ ’ਤੇ ਬਣ ਰਹੇ ਸ਼ਹਿਰ ਦੇ ਸੁੰਦਰੀਕਰਨ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਅਗਵਾਈ ਹੇਠ ਏਡੀਸੀ ਅਮਿਤ ਸਰੀਨ, ਏਡੀਸੀ ਜਨਰਲ ਜਸਬੀਰ ਸਿੰਘ ਸੁੰਦਰੀਕਰਨ ਦਾ ਕੰਮ ਦੇਖ ਰਹੇ ਹਨ।
ਉਨ੍ਹਾਂ ਤੋਂ ਇਲਾਵਾ ਐਸਐਸਪੀ ਕੰਵਰਦੀਪ ਕੌਰ ਦੀ ਅਗਵਾਈ ਹੇਠ ਪੁਲੀਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਸਥਾਨਕ ਲੋਕਾਂ ਅਤੇ ਬਾਹਰੋਂ ਆਉਣ ਵਾਲੇ ਲੋਕਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਸੁਰੱਖਿਆ ਲਈ 13 ਜ਼ਿਲ੍ਹਿਆਂ ਦੇ 4 ਏਡੀਜੀਪੀ, ਛੇ ਡੀਆਈਜੀ ਐਸਐਸਪੀ, ਐਸਪੀ, ਡੀਐਸਪੀ, ਇੰਸਪੈਕਟਰ ਅਤੇ ਏਐਸਆਈ ਸੁਰੱਖਿਆ ਟਰੈਫਿਕ ਪ੍ਰਬੰਧਾਂ ਲਈ ਤਾਇਨਾਤ ਕੀਤੇ ਗਏ ਹਨ।
ਪੁਲਿਸ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ, ਘਰ, ਸਾਰੇ ਐਂਟਰੀ ਪੁਆਇੰਟ, ਅਜਾਇਬ ਘਰ ਅਤੇ ਪਾਰਕ ਵਿੱਚ ਦਾਖਲ ਹੋਣ ਵਾਲੀਆਂ ਪਾਰਕਿੰਗ ਥਾਵਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਤੋਂ ਇਲਾਵਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਜਾਇਬ ਘਰ ਦੇ ਆਲੇ-ਦੁਆਲੇ ਕਰੀਬ 50 ਏਕੜ ਵਾਹੀਯੋਗ ਜ਼ਮੀਨ ਨੂੰ ਫਸਲਾਂ ਦੀ ਕਟਾਈ ਕਰਕੇ ਪੱਧਰਾ ਕੀਤਾ ਗਿਆ ਹੈ।
ਇਸ ਅਸਥਾਨ ‘ਤੇ ਬਾਬਾ ਜਵਾਹਰ ਸਿੰਘ ਝੰਡਾ ਜੀ ਦੇ ਮੁੱਖ ਮਾਰਗ ਤੋਂ ਰੇਲਵੇ ਕਰਾਸਿੰਗ ਲਾਈਨ ਦੇ ਨਾਲ ਆਉਂਦੇ ਐਂਟਰੀ ਗੇਟ ਤੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਪਾਰਕ ਵਾਲੀ ਥਾਂ ਤਕ, ਇਸ ਤੋਂ ਇਲਾਵਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਪਾਰਕ ਤੋਂ ਬੰਗਾ ਤੱਕ ਖਟਕੜ ਕਲਾਂ ਨੂੰ ਜਾਂਦੀ ਸੜਕ ਜੋ ਕਿ ਰੇਲਵੇ ਕਰਾਸ ਨੂੰ ਛੂੰਹਦੀ ਹੈ ਅਤੇ ਮਿਊਜ਼ੀਅਮ ਵਾਲੀ ਥਾਂ ਨਾਲ ਜੁੜਦੀ ਹੈ, ਨੂੰ ਫਸਲਾਂ ਦੀ ਕਟਾਈ ਕਰਕੇ ਪਾਰਕਿੰਗ ਲਈ ਲੈਵਲ ਬਣਾ ਦਿੱਤਾ ਗਿਆ ਹੈ। ਏਡੀਸੀ ਜਸਵੀਰ ਸਿੰਘ ਅਤੇ ਏਡੀਸੀ ਅਮਿਤ ਸਰੀਨ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਤਕ ਪੰਡਾਲ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ ਅਤੇ ਸੁਰੱਖਿਆ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ।