ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਇੱਥੇ ਜ਼ਿਲਾ ਪੁਲਿਸ ਦਫਤਰ ਵਿਖੇ ਪੁਲਿਸ ਜਿਲਾ ਖੰਨਾ ਦੇ ਐਸ. ਪੀ. (ਡੀ.) ਮਨਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਪੁਲਿਸ ਮੁਖੀ ਗੁਰਸ਼ਰਨਦੀਪ ਸਿੰਘ ਗਰੇਵਾਲ ਦੇ ਦਿਸ਼ਾ ਨਿਰਦੇਸ਼ ’ਤੇ ਸਮਾਜ ਵਿਰੋਧੀ ਅਨਸਰਾਂ ਅਤੇ ਲੁੱਟ ਖੋਹ ਕਰਨ ਵਾਲੇ ਲੁਟੇਰਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲੇ ਵਿਚ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 04 ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ 03 ਅਗਸਤ ਨੂੰ ਨੀਰਜ ਕੁਮਾਰ ਤੇ ਉਨ੍ਹਾਂ ਦੇ ਸਾਥੀਆਂ ਕੋਲੋਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਗੜੀ ਪੁਲ ਨਹਿਰ ਵਿਖੇ ਪੰਜਾਬੀ ਢਾਬਾ ਦੇ ਨੇੜੇ ਉਸ ਦੀ ਸਵਿਫਟ ਕਾਰ ਦੇ ਅੱਗੇ ਆਪਣੀ ਕਾਰ ਲਗਾ ਕੇ ਰਿਵਾਲਵਰ ਦੀ ਨੋਕ ’ਤੇ 16 ਲੱਖ 94 ਹਜ਼ਾਰ ਰੁਪਏ ਨਗਦੀ, ਮੋਬਾਇਲ ਫੋਨ, ਪਰਸ ਤੇ ਹੋਰ ਜਰੂੁਰੀ ਕਾਗਜਾਤ ਖੋਹ ਕੇ ਭੱਜ ਗਏ ਸਨ। ਉਨ੍ਹਾਂ ਦੱਸਿਆ ਕਿ ਨੀਰਜ ਕੁਮਾਰ ਦੇ ਬਿਆਨਾਂ ’ਤੇ ਥਾਣਾ ਸਮਰਾਲਾ ਪੁਲਸ ਨੇ ਮਾਮਲਾ ਦਰਜ ਕਰ ਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਨਿਰਦੇਸ਼ਾਂ ’ਤੇ ਡੀ. ਐਸ. ਪੀ. ਸਮਰਾਲਾ ਹਰਵਿੰਦਰ ਸਿੰਘ ਖਹਿਰਾ, ਥਾਣਾ ਮੁਖੀ ਸਮਰਾਲਾ ਇੰਸ. ਕੁਲਵੰਤ ਸਿੰਘ ਦੀ ਅਗਵਾਈ ਹੇਠਾਂ ਪੁਲਸ ਪਾਰਟੀ ਵੱਲੋਂ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਦੇ ਹੋਏ ਅੱਜ ਉਟਾਲਾ ਦੇ ਨੇੜੇ ਸਪੈਸ਼ਲ ਨਾਕਾਬੰਦੀ ਦੌਰਾਨ ਖੰਨਾ ਸਾਇਡ ਤੋਂ ਜਾਂਦੀ ਇੱਕ ਸੈਂਟਰੋ ਕਾਰ ਵਿਚ ਸਵਾਰ ਕਥਿਤ ਦੋਸ਼ੀਆਂ ਅਤੇ ਸਾਜਿਸ਼ਕਰਤਾ ਜਤਿਨ ਸਰਮਾ ਪੁੱਤਰ ਮਦਨ ਸ਼ਰਮਾ, ਵਿਜੇ ਕੁਮਾਰ ਉਰਫ ਵਿੱਕੀ ਪੁੱਤਰ ਗਣੇਸ਼ ਵਾਸੀਆਨ ਏਕਤਾ ਕਲੋਨੀ ਰਾਜਪੁਰਾ, ਸੰਦੀਪ ਸਿੰਘ ਉਰਫ ਦੀਪੂ ਉਰਫ ਮੰਡ ਪੁੱਤਰ ਬਲਦੇਵ ਸਿੰਘ ਅਤੇ ਸਤਪਾਲ ਸਿੰਘ ਪੁੱਤਰ ਜੋਗਾ ਸਿੰਘ ਵਾਸੀਆਨ ਆਦਰਸ਼ ਕਲੋਨੀ ਰੁਦਰਪੁਰ (ਉਤਰਾਖੰਡ) ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਦੇ ਕੋਲੋਂ ਲੁੱਟ ਕੀਤੇ ਗਏ 3, 60,000 ਰੁਪਏ ਅਤੇ ਵਾਰਦਾਤ ਵਿੱਚ ਵਰਤੀ ਸੈਂਟਰੋ ਕਾਰ ਵੀ ਬਰਾਮਦ ਕਰ ਲਈ ਗਈ ਹੈ।
ਐਸ. ਪੀ. ਮਨਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਥਿਤ ਦੋਸ਼ੀ ਜਤਿਨ ਸ਼ਰਮਾ ਅਤੇ ਵਿਜੇ ਕੁਮਾਰ ਆਪਸ ਵਿਚ ਰਿਸ਼ਤੇਦਾਰ ਹਨ ਅਤੇ ਵਿਜੇ ਕੁਮਾਰ ਦੇ ਕਹਿਣ ’ਤੇ ਹੀ ਜਤਿਨ ਸ਼ਰਮਾ ਨੇ ਆਪਣੇ ਸਹਿ ਦੋਸ਼ੀਆਂ ਸੰਦੀਪ ਸਿੰਘ ਉਰਫ ਦੀਪੂ ਅਤੇ ਸੱਤਪਾਲ ਸਿੰਘ ਵਾਸੀਆਨ ਰੂਦਰਪੁਰ ਨਾਲ ਮਿਲਕੇ ਆਪਣੀ ਸੈਂਟਰੋ ਕਾਰ ’ਤੇ ਜ਼ਾਅਲੀ ਨੰਬਰ ਪਲੇਟ ਲਗਾ ਕੇ ਨੀਰਜ ਕੁਮਾਰ ਆਦਿ ਤੋਂ ਲੁੱਟ ਖੋਹ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਵਿਜੇ ਕੁਮਾਰ ਉਰਫ ਵਿੱਕੀ ’ਤੇ ਉਤਰਾਖੰਡ ਦੇ ਰੁਦਰਪੁਰ ਵਿਚ ਪਹਿਲਾ ਹੀ ਮਾਮਲਾ ਦਰਜ ਹੈ ਜਿਸ ਦੀ ਮੁਲਾਕਾਤ ਜ਼ੇਲ ਵਿਚ ਸੰਦੀਪ ਸਿੰਘ ਉਰਫ ਦੀਪੂ ਅਤੇ ਸਤਪਾਲ ਸਿੰਘ ਨਾਲ ਹੋਈ ਸੀ, ਜਿਸ ਕਰਕੇ ਉਨ੍ਹਾਂ ਦੀ ਪਹਿਲਾ ਤੋਂ ਹੀ ਆਪਸ ਵਿੱਚ ਜਾਣ ਪਛਾਣ ਸੀ। ਜਿਨ੍ਹਾਂ ਨਾਲ ਮਿਲ ਕੇ ਦੋਸ਼ੀ ਜਤਿਨ ਸ਼ਰਮਾ ਨੇ ਇਸ ਵਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਕਥਿਤ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਬਾਕੀ ਰਹਿੰਦੀ ਰਕਮ ਦੀ ਬ੍ਰਾਮਦਗੀ ਤੇ ਵਰਦਾਤ ਵਿਚ ਵਰਤਿਆ ਰਿਵਾਲਵਰ ਅਤੇ ਬਾਕੀ ਦੋਸ਼ੀਆਂ ਦਾ ਪਤਾ ਕਰਕੇ ਜਲਦੀ ਹੀ ਗਿ੍ਰਫਤਾਰ ਕੀਤਾ ਜਾਵੇਗਾ। ਜਿਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਅਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।






















