20 ਲੱਖ ਲਈ ਨਾਬਾਲਗ ਲੜਕੀ ਅਗ਼ਵਾ, ਪੁਲਿਸ ਨੇ 12 ਘੰਟਿਆਂ ’ਚ ਅਗ਼ਵਾਕਾਰਾਂ ਦੇ ਚੁੰਗਲ ‘ਚੋਂ ਛੁਡਵਾਈ

ਬਟਾਲਾ, ਮੀਡੀਆ ਬਿਊਰੋ:

ਪੁਲਿਸ ਨੇ 20 ਲੱਖ ਦੀ ਫਿਰੌਤੀ ਲਈ ਨਾਬਾਲਗ ਲੜਕੀ ਨੂੰ ਅਗ਼ਵਾ ਕਰਨ ਵਾਲੇ ਨਾਬਾਲਗ ਅਗ਼ਵਾਕਾਰਾਂ ਦੇ ਚੁੰਗਲ ’ਚੋਂ 12 ਘੰਟਿਆਂ ’ਚ ਛੁਡਵਾ ਕੇ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਹੈ। ਉਪਰੰਤ ਪੁਲਿਸ ਨੇ ਲੜਕੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਤੇ ਦੋਵਾਂ ਅਗ਼ਵਾਕਾਰਾਂ ਨੂੰ ਵੀ ਕਾਬੂ ਕਰ ਲਿਆ। ਦੋਵੇਂ ਅਗ਼ਵਾਕਾਰ ਨਾਬਾਲਗ ਹੋਣ ਕਾਰਨ ਉਨ੍ਹਾਂ ਨੂੰ ਬਾਲ ਸੁਧਾਰ ਘਰ ਭੇਜਿਆ ਜਾਵੇਗਾ।

ਪੁਲਿਸ ਲਾਈਨ ਬਟਾਲਾ ’ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਧੀ ਸ਼ੁੱਕਰਵਾਰ ਨੂੰ ਘਰੋਂ ਸਕੂਲ ਗਈ ਜਿੱਥੇ ਉਸ ਦੀ 9 ਤੋਂ 11 ਵਜੇ ਤਕ ਕਲਾਸ ਲੱਗਣੀ ਸੀ ਪਰ ਜਦੋਂ ਉਨ੍ਹਾਂ ਦੀ ਧੀ ਸਮੇਂ ਸਿਰ ਘਰ ਵਾਪਸ ਨਾ ਆਈ ਤਾਂ ਉਨ੍ਹਾਂ ਨੂੰ ਚਿੰਤਾ ਸਤਾਉਣ ਲੱਗੀ। ਇਸੇ ਦੌਰਾਨ ਉਨ੍ਹਾਂ ਦੀ ਧੀ ਦੇ ਮੋਬਾਈਲ ਫੋਨ ਤੋਂ ਉਨ੍ਹਾਂ ਦੇ ਫੋਨ ’ਤੇ ਵਾਇਸ ਮੈਸੇਜ ਆਇਆ ਜਿਸ ਵਿੱਚ ਉਨ੍ਹਾਂ ਦੀ ਧਈ ਨੂੰ ਜਾਨੋਂ ਮਾਰ ਦੇਣ ਦੀ ਧਮਕੀ ਦਿੱਤੀ ਗਈ ਅਤੇ ਉਸ ਨੂੰ ਛੱਡਣ ਦੇ ਬਹਾਨੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ।

ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਲੜਕੀ ਦੀ ਭਾਲ ਲਈ ਐੱਸਪੀ ਤੇਜਬੀਰ ਸਿੰਘ ਹੁੰਦਲ ਦੀ ਨਿਗਰਾਨੀ ਹੇਠ ਡੀਐੱਸਪੀ ਰਿਪੂਤਾਪਨ ਸਿੰਘ, ਥਾਣਾ ਫਤਹਿਗੜ੍ਹ ਚੂੜੀਆਂ ਦੇ ਮੁਖੀ ਹਰਪ੍ਰਕਾਸ਼ ਸਿੰਘ ਅਤੇ ਸੀਆਈਏ ਸਟਾਫ ਦੇ ਇੰਚਾਰਜ ਦਲਜੀਤ ਸਿੰਘ ਪੱਡਾ ਦੀ ਵਿਸ਼ੇਸ਼ ਟੀਮ ਬਣਾ ਕੇ ਲੜਕੀ ਦੀ ਭਾਲ ਲਈ ਰਵਾਨਾ ਕੀਤੀ ਜਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ 12 ਘੰਟਿਆਂ ਦੇ ਅੰਦਰ ਲੜਕੀ ਨੂੰ ਅੰਮ੍ਰਿਤਸਰੋਂ ਬਰਾਮਦ ਕਰਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਤੇ ਦੋਵਾਂ ਅਗਵਾਕਾਰਾਂ ਨੂੰ ਵੀ ਕਾਬੂ ਕਰ ਲਿਆ।

ਅਗਵਾ ਕੀਤੀ ਲੜਕੀ ਤੇ ਅਗਵਾਕਾਰਾਂ ਵਿੱਚੋਂ ਇੱਕ ਲੜਕਾ ਪਹਿਲਾਂ ਤੋਂ ਹੀ ਇੱਕ-ਦੂਜੇ ਨੂੰ ਜਾਣਦੇ ਸਨ ਅਤੇ ਤਿੰਨੇ ਹੀ ਨਾਬਾਲਗ ਹਨ। ਦੋਵੇਂ ਨਾਬਾਲਗ ਅਗਵਾਕਾਰਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਕਰਨ ਉਪਰੰਤ ਦੋਵਾਂ ਨੂੰ ਬਾਲ ਸੁਧਾਰ ਘਰ ਵਿੱਚ ਭੇਜ ਦਿੱਤਾ ਜਾਵੇਗਾ।

Share This :

Leave a Reply