ਚੰਡੀਗੜ੍ਹ(ਮੀਡੀਆ ਬਿਊਰੋ). : ਸਟਾਰ ਭਾਰਤੀ ਗੋਲਫਰ ਜੀਵ ਮਿਲਖਾ ਸਿੰਘ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਉਹ ਦਸ ਸਾਲ ਦਾ ਦੁਬਈ ਗੋਲਡਨ ਵੀਜ਼ਾ ਹਾਸਲ ਕਰਨ ਵਾਲੇ ਦੁਨੀਆ ਦੇ ਪਹਿਲੇ ਪ੍ਰੋਫੈਸ਼ਨਲ ਗੋਲਫਰ ਬਣ ਗਏ। ਜੀਵ ਦਾ ਦੁਬਈ ਨਾਲ ਪੁਰਾਣਾ ਰਿਸ਼ਤਾ ਹੈ। ਉਨ੍ਹਾਂ ਨੇ ਇੱਥੇ ਕਈ ਟੂਰਨਾਮੈਂਟ ਵਿਚ ਹਿੱਸਾ ਲਿਆ।
ਜੀਵ ਨੇ ਕਿਹਾ ਕਿ ਮੈਂ ਸਨਮਾਨਤ ਮਹਿਸੂਸ ਕਰ ਰਿਹਾ ਹਾਂ ਕਿ ਦੁਬਈ ਸਰਕਾਰ ਨੇ ਗੋਲਡਨ ਵੀਜ਼ੇ ਦੇ ਲਈ ਮੇਰੇ ਨਾਂ ‘ਤੇ ਵਿਚਾਰ ਕੀਤਾ।
ਮੈਂ ਇੱਥੇ ਯਾਦਗਾਰ ਲਮਹੇ ਬਣਾਉਣ ਲਈ ਬੇਤਾਬ ਹਾਂ। ਯੂਰੋਪੀਅਨ ਟੂਰ ‘ਤੇ ਚਾਰ, ਜਾਪਾਨ ਗੋਲਫਰ ਟੂਰ ‘ਤੇ ਚਾਰ ਅਤੇ ਏਸ਼ੀਅਨ ਟੂਰ ‘ਤੇ 6 ਖਿਤਾਬ ਜਿੱਤਣ ਵਾਲੇ 49 ਸਾਲ ਦੇ ਜੀਵ ਨੂੰ ਪ੍ਰੋਫੈਸ਼ਨਲ ਗੋਲਫਰ ਹੋਣ ਦੇ ਲਈ ਦਸ ਸਾਲ ਦਾ ਗੋਲਡ ਕਾਰਡ ਦਿੱਤਾ ਗਿਆ ਹੈ। ਫੁੱਟਬਾਲਰ ਕ੍ਰਿਸਟੀਯਾਨੋ ਰੋਨਾਲਡੋ, ਪੌਲ ਪੋਗਬਾ, ਰੋਬਰਟੋ ਕਾਰਲੋਸ, ਰੋਮੇਲੂ ਲੋਕਾਕੂ, ਟੈਨਿਸ ਸੁਪਰ ਸਟਾਰ ਨੋਵਾਕ ਜੋਕੀਵਿਚ, ਸਾਨੀਆ ਮਿਰਜ਼ਾ, ਸ਼ਾਹਰੁਖ ਖ਼ਾਨ ਅਤੇ ਸੰਜੇ ਦੱਤ ਨੂੰ ਵੀ ਇਹ ਵੀਜ਼ਾ ਮਿਲ ਚੁੱਕਾ ਹੈ।