ਅੰਮ੍ਰਿਤਸਰ, ਮੀਡੀਆ ਬੀਊਰੋ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਾਸੋਂ ਮੰਗ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ ਤੇ ਨਰਿੰਦਰ ਸਿੰਘ ਮਥਰੇਵਾਲ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੰਜੌਲੀ ਨੇ ਪ੍ਰਧਾਨ ਨੂੰ ਲਿਖਿਆ ਕਿ ਇਨ੍ਹਾਂ ਦੋਵਾਂ ਨੂੰ ਤੁਰੰਤ ਅਹੁਦੇ ਤੋਂ ਹਟਾ ਕੇ ਜੁਆਬਤਲਬੀ ਕੀਤੀ ਜਾਵੇ। ਪੰਜੋਲੀ ਨੇ ਕਿਹਾ ਕਿ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਿਛਲੇ ਸਮੇਂ ਵਿੱਚ ਤਿੰਨ ਬਹੁਤ ਹੀ ਦਰਦਨਾਕ ਘਟਨਾਵਾਂ ਵਾਪਰ ਚੁੱਕੀਆਂ ਹਨ। ਜਿਨ੍ਹਾਂ ਨੇ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ ।ਪਹਿਲਾਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਸੁਖਮਨੀ ਸਾਹਿਬ ਦੇ ਗੁਟਕੇ ਨੂੰ ਸਰੋਵਰ ਵਿੱਚ ਸੁੱਟ ਦਿੱਤਾ ਸੀ, ਉਸ ਤੋਂ ਬਾਅਦ ਇਕ ਵਿਅਕਤੀ ਨੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜੰਗਲਾ ਟੱਪ ਕੇ ਛਾਲ ਮਾਰੀ ਤੇ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ 13 ਅਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਇਕ ਔਰਤ ਜੋ ਪਰਿਕਰਮਾ ਦੇ ਵਿੱਚ ਸੁੱਤੀ ਹੋਈ ਸੀ, ਜਿਸ ਨੇ ਰਾਤ ਨੂੰ ਸਿਗਰਟ ਪੀਤੀ ਜਾ ਪੀਣ ਦੀ ਕੋਸ਼ਿਸ਼ ਕੀਤੀ। ਸੇਵਾਦਾਰ ਨੇ ਉਸ ਨੂੰ ਮੋਕੇ ਤੇ ਦੇਖਿਆ ਤੇ ਸਿਗਰਟ ਫੜ ਕੇ ਸੇਵਾਦਾਰ ਨੇ ਬਾਹਰ ਸੁੱਟ ਦਿੱਤੀ ਪਰ ਸੇਵਾਦਾਰ ਨੇ ਉਸ ਔਰਤ ਨੂੰ ਪੁਲਿਸ ਦੇ ਹਵਾਲੇ ਕਰਨ ਦਾ ਯਤਨ ਨਾ ਕੀਤਾ। ਇਹ ਸਾਰੀਆਂ ਘਟਨਾਵਾਂ ਗੁਰਿੰਦਰ ਸਿੰਘ ਮੈਨੇਜਰ ਮਥਰੇਵਾਲ ਦੀ ਮੈਨੇਜਰੀ ਦੇ ਦਰਮਿਆਨ ਲਗਾਤਾਰ ਤਿੰਨ ਵੱਡੀਆਂ ਅਤੇ ਬਹੁਤ ਹੀ ਦੁਖਦਾਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਹ ਸਾਰਾ ਕੁਝ ਗੁਰਿੰਦਰ ਸਿੰਘ ਦੀ ਲਾਪਰਵਾਹੀ ਦੇ ਨਤੀਜੇ ਹਨ। ਇਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੀ ਵਾਰ-ਵਾਰ ਬਦਨਾਮੀ ਹੁੰਦੀ ਹੈ। ਮੈਨੂੰ ਪਤਾ ਲੱਗਾ ਹੈ ਕਿ ਨਰਿੰਦਰ ਸਿੰਘ ਨਾਂ ਦਾ ਬੰਦਾ ਜੋ ਕਿ ਰਿਸ਼ਤੇਦਾਰ ਵਿਚ ਉਸ ਦਾ ਭਰਾ ਹੈ, ਉਹ ਵੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੈਨੇਜਰ ਲੱਗਿਆ ਹੋਇਆ ਹੈ। ਇਨ੍ਹਾਂ ਦੋਨਾਂ ਭਰਾਵਾਂ ਨੇ ਇੱਥੇ ਮਨੋਪਲੀ ਬਣਾਈ ਹੋਈ ਹੈ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਇਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਹਨ। ਇਹ ਸੰਗਤ ਨੂੰ ਬਹੁਤ ਹੀ ਮਾੜੀ ਸ਼ਬਦਾਵਲੀ ਵਰਤਦੇ ਹਨ। ਇਨ੍ਹਾਂ ਦੀ ਬੋਲੀ ਬੜੀ ਰੁੱਖੀ ਤੇ ਮਾੜੀ ਹੈ। ਪ੍ਰਬੰਧ ਵਿਚ ਇਨ੍ਹਾਂ ਦਾ ਕੋਈ ਧਿਆਨ ਨਹੀਂ ਹੈ। ਮੈਂ ਸਮਝਦਾ ਹਾਂ ਕਿ ਸੇਵਾਦਾਰਾਂ ਨੂੰ ਤਾਂ ਅਸੀਂ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਈ ਜਾਨੇ ਆਂ ਪਰ ਜਿਹੜੇ ਬੰਦੇ ਵੱਡੀਆਂ ਪੋਸਟਾਂ ਤੇ ਵੱਡੀਆਂ ਵੱਡੀਆਂ ਤਨਖਾਹਾਂ ਲੈੰਦੇ ਇਹ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੀ ਵੀ ਬਣਦੀ ਹੈ। ਇਹ ਵੀ ਘਟਨਾ ਵਿੱਚ ਬਰਾਬਰ ਦੇ ਜ਼ਿੰਮੇਵਾਰ ਹਨ। ਮੈਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਬਿਨਾਂ ਦੇਰੀ ਜਿੱਥੇ ਹੋਰ ਮੁਲਜ਼ਮਾਂ ਦੇ ਖਿਲਾਫ ਐਕਸ਼ਨ ਕਰਨ ਉੱਥੇ ਇਨ੍ਹਾਂ ਦੋਵੇਂ ਭਰਾਵਾਂ ਨੂੰ ਵੀ ਤੁਰੰਤ ਇਨ੍ਹਾਂ ਪੋਸਟਾਂ ਤੋਂ ਬਦਲ ਕੇ ਲਾਂਭੇ ਕੀਤਾ ਜਾਵੇ ਅਤੇ ਇਨ੍ਹਾਂ ਦੀ ਜਵਾਬਤਲਬੀ ਕੀਤੀ ਜਾਵੇ।