ਖੰਨਾ ਤੋਂ ਜਸਦੀਪ ਕੌਰ ਅਕਾਲੀ ਦਲ ਦੀ ਉਮੀਦਵਾਰ

ਖੰਨਾ (ਪਰਮਜੀਤ ਸਿੰਘ ਧੀਮਾਨ) – ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕੇ ਦੇ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਦੀ ਪਤਨੀ ਜਸਦੀਪ ਕੌਰ ਨੂੰ ਵਿਧਾਨ ਸਭਾ ਹਲਕਾ ਤੋਂ ਉਮੀਦਵਾਰ ਬਣਾਇਆ ਗਿਆ। ਉਨ੍ਹਾਂ ਇਥੋਂ ਦੇ ਵਾਰਡ ਨੰਬਰ-3 ਤੋਂ ਲਗਾਤਾਰ ਦੂਜੀ ਵਾਰ ਕੌਂਸਲਰ ਦੀ ਚੋਣ ਜਿੱਤੀ ਹੈ ਅਤੇ ਜਸਦੀਪ ਕੌਰ ਦੇ ਨਾਂਅ ਐਲਾਨੇ ਜਾਣ ਉਪਰੰਤ ਅਕਾਲੀ ਦਲ ਸਥਾਨਕ ਉਮੀਦਵਾਰ ਦੀ ਭਾਲ ਵੀ ਪੂਰੀ ਹੋ ਗਈ ਕਿਉਂਕਿ 1985 ਉਪਰੰਤ ਅਕਾਲੀ ਦਲ ਬਾਹਰੀ ਉਮੀਦਵਾਰਾਂ ਨੂੰ ਹੀ ਪੈਰਾਸ਼ੂਟ ਰਾਹੀਂ ਖੰਨਾ ਤੋਂ ਉਤਾਰਦਾ ਰਿਹਾ ਹੈ। ਇਸ ’ਚੋਂ ਕੁੱਝ ਉਮੀਦਵਾਰ ਹਾਰੇ ਅਤੇ ਕੁਝ ਜਿੱਤੇ ਵੀ, ਪ੍ਰਤੂੰ ਸਥਾਨਕ ਉਮੀਦਵਾਰ ਦੀ ਮੰਗ ਵੀ ਹਰ ਚੋਣ ਦੇ ਨਾਲ ਪੱਕੀ ਹੋ ਰਹੀ ਸੀ। ਵਰਕਰਾਂ ਦੀ ਇਸ ਮੰਗ ਨੂੰ ਧਿਆਨ ਵਿਚ ਰੱਖਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਸਦੀਪ ਕੌਰ ਨੂੰ ਖੰਨਾ ਤੋਂ ਟਿਕਟ ਦਿੱਤੀ ਹੈ। ਦੱਸਣਯੋਗ ਹੈ ਕਿ 1985 ’ਚ ਸਾਬਕਾ ਸੰਸਦ ਮੈਂਬਰ ਮਰਹੂਮ ਸੁਖਦੇਵ ਸਿੰਘ ਲਿਬੜਾ ਨੂੰ ਖੰਨਾ ਵਿਧਾਨ ਸਭਾ ਤੋਂ ਅਕਾਲੀ ਦਲ ਨੇ ਟਿਕਟ ਦਿੱਤੀ ਸੀ, ਜੋ ਜਿੱਤੇ ਸਨ।

ਉਸ ਸਮੇਂ ਖੰਨਾ ਸੀਟ ਐਸ.ਸੀ ਵਰਗ ਲਈ ਰਾਖਵੀਂ ਸੀ, 1992 ’ਚ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕੀਤਾ ਸੀ ਤੇ 1997 ਵਿਚ ਰਾਖਵੀਂ ਸੀਟ ਖੰਨਾ ਨੂੰ ਸਮਰਾਲਾ ਦੇ ਰਹਿਣ ਵਾਲੇ ਬਚਨ ਸਿੰਘ ਚੀਮਾ ਨੂੰ ਦਿੱਤਾ ਗਿਆ, 2002 ਵਿਚ ਬਾਹਰੀ ਉਮੀਦਵਾਰ ਬੀਬੀ ਸਤਵਿੰਦਰ ਕੌਰ ਧਾਲੀਵਾਲ ਨੂੰ ਟਿਕਟ ਦਿੱਤੀ, 2007 ਵਿਚ ਲੁਧਿਆਣਾ ਵਾਸੀ ਬਿਕਰਮਜੀਤ ਸਿੰਘ ਖਾਲਸਾ ਨੂੰ ਖੰਨਾ ਭੇਜਿਆ, ਜਿਨ੍ਹਾਂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਸਮਸ਼ੇਰ ਸਿੰਘ ਦੂਲੋਂ ਨੂੰ ਹਰਾ ਕੇ ਵੱਡਾ ਫੇਰ ਬਦਲ ਕੀਤਾ।

2012 ਵਿਚ ਖੰਨਾ ਵਿਧਾਨ ਸਭਾ ਸੀਟ ਜਨਰਲ ਹੋ ਗਈ ਤਾਂ ਅਕਾਲੀ ਦਲ ਨੇ 2012 ਤੇ 17 ਵਿਚ ਰਣਜੀਤ ਸਿੰਘ ਤਲਵੰਡੀ ਨੂੰ ਮੈਦਾਨ ਵਿਚ ਉਤਾਰਿਆ, ਜੋ ਦੋਵੇਂ ਵਾਰ ਚੋਣ ਹਾਰ ਗਏ। ਖੰਨਾ ਵਿਧਾਨ ਸਭਾ ਸੀਟ ਇਕ ਅਰਧ ਸ਼ਹਿਰੀ ਸੀਟ ਮੰਨੀ ਜਾਂਦੀ ਹੈ, ਇਥੇ ਲਗਭਗ 60 ਫੀਸਦੀ ਵੋਟਰ ਸ਼ਹਿਰੀ ਹਨ। ਅਕਾਲੀ ਦਲ ਨੇ ਦੋ ਵਾਰ ਦੀ ਕੌਂਸਲਰ ਜਸਦੀਪ ਕੌਰ ਨੂੰ ਮੈਦਾਨ ਵਿਚ ਉਤਾਰ ਕੇ ਸ਼ਹਿਰੀ ਕਾਰਡ ਵੀ ਖੇਡਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਹਲਕੇ ਤੋਂ ਦੂਜੀ ਵਾਰ ਮਹਿਲਾ ਉਮੀਦਵਾਰ ਤੇ ਦਾਅ ਖੇਡਿਆ ਹੈ ਜਦੋਂ ਕਿ ਪਹਿਲੀ ਵਾਰ 2002 ਵਿਚ ਸਤਵਿੰਦਰ ਕੌਰ ਧਾਲੀਵਾਲ ਜਿੱਤਣ ਵਿਚ ਅਸਫ਼ਲ ਰਹੀ ਸੀ। ਉਸ ਨੂੰ ਕਾਂਗਰਸ ਦੀ ਔਰਤ ਉਮੀਦਵਾਰ ਹਰਬੰਸ ਕੌਰ ਦੂਲੋਂ ਨੇ ਹਰਾਇਆ ਸੀ।

Share This :

Leave a Reply