ਜਲੰਧਰ, ਮੀਡੀਆ ਬਿਊਰੋ:
ਯੂਥ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਅੰਗਦ ਦੱਤਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਪੋਲੈਂਡ ਦੇ ਨੰਬਰ ਤੋਂ ਫੋਨ ‘ਤੇ ਮਿਲੀ ਹੈ। ਧਮਕੀ ਦੇਣ ਵਾਲਾ ਵਿਅਕਤੀ ਆਪਣੇ ਆਪ ਨੂੰ ਪੰਜਾਬ ਦਾ ਵੱਡਾ ਗੈਂਗਸਟਰ ਦੱਸ ਰਿਹਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਫ਼ੋਨ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਫੋਨ ਕਰਨ ਵਾਲੇ ਨੇ ਪਹਿਲਾਂ ਨਾਂ ਪੁੱਛਿਆ ਕਿ ਅੰਗਦ ਦੱਤਾ ਬੋਲ ਰਿਹਾ ਹੈ। ਫਿਰ ਉਸ ਨੇ ਅੰਗਦ ਦੱਤਾ ਦੀ ਕਾਰ ਦਾ ਨੰਬਰ ਦੱਸਿਆ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਤਾ ਸੀ ਕਿ ਉਹ ਕਾਂਗਰਸ ਭਵਨ ਵਿੱਚ ਕਿਸ ਸਮੇਂ ਮੌਜੂਦ ਸਨ।
ਦੱਤਾ ਨੇ ਕਿਹਾ ਕਿ ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਕਾਂਗਰਸ ਲਈ ਕਈ ਰੈਲੀਆਂ ਕਰ ਰਹੇ ਹਨ ਤੇ ਉਨ੍ਹਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਇਸ ਫ਼ੋਨ ਕਾਲ ਤੋਂ ਬਾਅਦ ਅੰਗਦ ਦੱਤਾ ਨੇ ਆਪਣੀ ਗਤੀਵਿਧੀ ਸੀਮਤ ਕਰ ਦਿੱਤੀ ਹੈ ਅਤੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਅੰਗਦ ਦੱਤਾ ਨੂੰ ਸੁਰੱਖਿਆ ਦਿੱਤੀ ਸੀ ਪਰ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਇਸ ਨੂੰ ਵਾਪਸ ਲੈ ਲਿਆ ਗਿਆ ਸੀ। ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ‘ਚ ਅੰਗਦ ਦੱਤਾ ਨੇ ਉਹ ਨੰਬਰ ਵੀ ਲਿਖਿਆ ਹੈ ਜਿਸ ਤੋਂ ਧਮਕੀ ਮਿਲੀ ਹੈ। ਦੱਤਾ ਨੇ ਪੁਲਿਸ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਜਲਦੀ ਤੋਂ ਜਲਦੀ ਜਾਂਚ ਕਰ ਕੇ ਗੈਂਗਸਟਰ ਤਕ ਪਹੁੰਚ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਯੂਥ ਕਾਂਗਰਸ ਦੇ ਗੁਰਲਾਲ ਬਰਾੜ ਅਤੇ ਨੌਜਵਾਨ ਆਗੂ ਵਿੱਕੀ ਮਿੱਡੂਖੇੜਾ ਦੀ ਗੈਂਗਸਟਰ ਹੱਤਿਆ ਕਰ ਚੁੱੱਕੇ ਹਨ।
54 ਸਕਿੰਟ ਹੋਈ ਸੀ ਗੱਲ
ਅੰਗਦ ਦੱਤਾ ਨੂੰ 48 ਨੰਬਰ ਕੋਡ ਤੋਂ ਕਾਲ ਆਈ। ਇਹ ਫ਼ੋਨ ਕੋਡ ਪੋਲੈਂਡ ਦਾ ਹੈ। ਇਹ ਕਾਲ ਵ੍ਹਟਸਐਪ ‘ਤੇ ਆਈ ਅਤੇ ਖ਼ੁਦ ਨੂੰ ਗੈਂਗਸਟਰ ਦੱਸਣ ਵਾਲੇ ਵਿਅਕਤੀ ਨੇ ਕਰੀਬ 54 ਸੈਕਿੰਡ ਤਕ ਗੱਲ ਕੀਤੀ। ਕਾਲ 28 ਫਰਵਰੀ ਨੂੰ ਦੁਪਹਿਰ 12:47 ਵਜੇ ਆਇਆ। ਇਹ ਜਾਂਚ ਦਾ ਵਿਸ਼ਾ ਹੋਵੇਗਾ ਕਿ ਫੋਨ ਪੋਲੈਂਡ ਤੋਂ ਹੀ ਆਇਆ ਸੀ ਜਾਂ ਕਿਸੇ ਹੋਰ ਥਾਂ ਤੋਂ ਕਿਸੇ ਤਕਨੀਕ ਦੀ ਵਰਤੋਂ ਕਰਕੇ ਕੀਤਾ ਗਿਆ ਸੀ।