ਜੈਪਾਲ ਦੇ ਕਰੀਬੀ ਸਾਥੀ ਹਰਬੀਰ ਸੋਹਲ ਨੂੰ ਭਾਗੋਮਾਜਰਾ ਤੋਂ ਗ੍ਰਿਫਤਾਰ ਕੀਤਾ

ਮੋਹਾਲੀ, ਮੀਡੀਆ ਬਿਊਰੋ:

ਮੋਹਾਲੀ ਪੁਲਿਸ ਨੇ ਹਰਬੀਰ ਸਿੰਘ ਸੋਹਲ ਨਾਂ ਦੇ ਸ਼ਖ਼ਸ ਨੂੰ ਗਿ੍ਰਫ਼ਤਾਰ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 384,34 ਆਈਪੀਸੀ ਅਤੇ 7,8 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ। ਐੱਸਐੱਸਪੀ ਮੋਹਾਲੀ ਨੇ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਸੋਹਲ ਪਾਸੋਂ 30 ਬੋਰ ਚੀਨੀ ਪਿਸਤੌਲ,3 ਮੈਗਜ਼ੀਨ, 9 ਐੱਮਐਮ ਪਿਸਟਲ ਅਤੇ 50 ਜ਼ਿੰਦਾ ਕਾਰਤੂਸ ਬਰਾਮਦ ਕੀਤੀ ਗਏ ਹਨ।

ਐੱਸਐੱਸਪੀ ਸੋਨੀ ਨੇ ਮੀਡੀਆ ਨੂੰ ਦੱਸਿਆ ਕਿ ਇਹ ਵਿਅਕਤੀ ਜੋ ਗਾਇਕ ਤੇ ਗੀਤਕਾਰ ਸੀ ਜਿਸ ਨੂੰ ਭਾਰੀ ਅਸਲਾ ਤੇ ਐਨੀਮੇਸ਼ਨ ਸਮੇਤ ਗ੍ਰਿਫ਼ਤਾਰ ਹੋਣਾ ਕਿਸੇ ਵੱਡੀ ਵਾਰਦਾਤ ਦੀ ਤਾਕ ਵਿਚ ਹੋਣ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸੋਹਲ ਜ਼ਿਲ੍ਹਾ ਅਮ੍ਰਿੰਤਸਰ ਦਾ ਰਹਿਣ ਵਾਲਾ ਹੈ ਜਿਸ ਬਾਰੇ ਪੁਲਿਸ ਨੂੰ ਭਰੋਸੇਯੋਗ ਮੁਖ਼ਬਰ ਤੋਂ ਸੂਹ ਮਿਲੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਿਅਕਤੀ ਨੂੰ ਭਾਗੋਮਾਜਰਾ ਵਿਖੇ ਖਾਲੀ ਪਏ ਫਲੈਟਾਂ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੂੰ ਸੂਹ ਮਿਲੀ ਸੀ ਕਿ ਇਸ ਦਾ ਇਕ ਹੋਰ ਸਾਥੀ ਅਮ੍ਰਿੰਤਪਾਲ ਸਿੰਘ ਬਸੀ ਪਠਾਣਾ ਤੇ ਸੋਹਲ ਖਰੜ ਵਿਖੇ ਟਿਕਾਣੇ ਬਦਲ ਕੇ ਰਹਿੰਦੇ ਹਨ ਤੇ ਨੈੱਟ ਕਾਲਿੰਗ ਦਾ ਗਰੁੱਪ ਚਲਾ ਰਹੇ ਹਨ। ਇਨ੍ਹਾਂ ਦੇ ਸਾਥੀ ਕੈਨੇਡਾ ਵਿਚ ਅਰਸ਼ਦੀਪ ਸਿੰਘ ਅਰਸ਼ ਅਤੇ ਆਸਟ੍ਰੇਲੀਆ ਵਿਖੇ ਗੁਰਜੰਟ ਸਿੰਘ ਜੰਟਾ ਨੈੱਟ ਕਾਲਿੰਗ ਰਾਹੀਂ ਵੱਡੇ ਕਾਰੋਬਾਰੀਆਂ ਪਾਸੋਂ ਫਿਰੌਤੀ ਮੰਗਦੇ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੋਹਲ ਜੋ ਕਿ ਨਾਮੀ ਗਾਇਕ ਤੇ ਗੀਤਕਾਰ ਹੈ, ਏ ਕੈਟਾਗਰੀ ਦੇ ਗੈਂਗਸਟਰ ਜੈਪਾਲ ਭੁੱਲਰ ਦਾ ਬਹੁਤ ਨਜ਼ਦੀਕੀ ਸਾਥੀ ਰਿਹਾ ਹੈ ਤੇ ਕਾਫ਼ੀ ਸਮੇਂ ਤੋਂ ਫਰਾਰ ਚੱਲ ਰਿਹਾ ਹੈ। ਭੁੱਲਰ ਨੇ ਬਹੁਤ ਸਾਰੀਆਂ ਜਾਇਦਾਦਾਂ ਸੋਹਲ ਤੇ ਇਸ ਦੇ ਰਿਸ਼ਤੇਦਾਰਾਂ ਦੇ ਨਾਂ ’ਤੇ ਖ਼ਰੀਦੀਆਂ ਹੋਈਆਂ ਹਨ।

ਦੱਸਣਾ ਬਣਦਾ ਹੈ ਕਿ ਜੈਪਾਲ ਭੁੱਲਰ ਨੂੰ ਮੋਹਾਲੀ ਪੁਲਿਸ ਨੇ ਇਕ ਆਪ੍ਰੇਸ਼ਨ ਦੌਰਾਨ ਕਲਕੱਤਾ ਵਿਖੇ ਮਾਰ ਦਿੱਤਾ ਗਿਆ ਸੀ ਉਸ ਦੇ ਨਾਲ ਇਕ ਹੋਰ ਵਿਅਕਤੀ ਜਸਪ੍ਰੀਤ ਸਿੰਘ ਪਿੰਡ ਟੋਡਰਮਾਜਰਾ ਖਰੜ ਵੀ ਇਸੇ ਆਪ੍ਰੇਸ਼ਨ ਦੌਰਾਨ ਮਾਰਿਆ ਗਿਆ ਸੀ। ਹੁਣ ਪੁਲਿਸ ਨੇ ਕੁੱਝ ਹੋਰ ਕੇਸਾਂ ’ਚ ਜਦੋਂ ਪੜਤਾਲ ਕਰਕੇ ਪੈੜ ਨੱਪੀ ਤਾਂ ਹਰਬੀਰ ਸੋਹਲ ਦਾ ਪਤਾ-ਟਿਕਾਣੇ ਤਕ ਪੁੱਜਣ ’ਚ ਵੀ ਸਫ਼ਲਤਾ ਹਾਸਲ ਕਰ ਲਈ ਤੇ ਆਪ੍ਰੇਸ਼ਨ ਦੌਰਾਨ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ।

Share This :

Leave a Reply