ਵਰਿੰਦਰ ਸਿੰਘ ਵਾਲੀਆ ਨੇ ਕਿਹਾ
ਮੀਡੀਆ ਬਿਊਰੋ:
ਰਵਾਇਤੀ ਬਿੰਬ-ਬਿਰਤਾਂਤ ਅਤੇ ਮਿੱਥਾਂ ਤੋੜ ਕੇ ਦਹਾਕਾ ਪੁਰਾਣੀ ‘ਆਮ ਆਦਮੀ ਪਾਰਟੀ’ (ਆਪ) ਨੇ ਪੰਜਾਬ ਦੀ ਸੱਤਾ ਹਾਸਲ ਕੀਤੀ ਹੈ। ਫ਼ਿਰਕੂ ਲੀਹਾਂ ਅਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਸਰਹੱਦੀ ਸੂਬੇ ਦੇ ਵੋਟਰਾਂ ਨੇ ‘ਪੰਜ ਪਾਣੀਆਂ’ ਦੀ ਸਾਂਝੀ ਵਿਰਾਸਤ ਨੂੰ ਹਾਕ ਮਾਰੀ ਹੈ। ਵੰਡੀਆਂ ਪਾਉਣ ਵਾਲਾ ਕੋਈ ਵੀ ਤਰੁੱਪ ਦਾ ਪੱਤਾ ਨਹੀਂ ਚੱਲਿਆ। ਚਿਰਾਂ ਬਾਅਦ ਸਾਂਝੀਵਾਲਤਾ ਦੀ ਧਰਤੀ ’ਚੋਂ ਪੰਜਾਬੀਅਤ ਦੀ ਸੰਦਲੀ ਮਹਿਕ ਆਈ ਹੈ। ਇੱਥੇ ਬਾਤ ‘ਆਪ’ ਦੀ ਜਿੱਤ ਦੀ ਨਹੀਂ ਬਲਕਿ ਪੰਜਾਬੀਅਤ ਦੀ ਹੈ। ਵੋਟਰ ’ਚੋਂ ਜੇ ‘ਸਿੱਖ’ ਬੋਲਦਾ ਤਾਂ ਕਿਸੇ ਨਾ ਕਿਸੇ ਅਕਾਲੀ ਦਲ ਨੇ ਮੋਰਚਾ ਮਾਰ ਲੈਣਾ ਸੀ। ‘ਦਲਿਤ’ ਦਾ ਝਲਕਾਰਾ ਹੁੰਦਾ ਤਾਂ ਹਾਸ਼ੀਆਗਤ ਸ਼੍ਰੇਣੀ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੇ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਨੂੰ ਚਾਰ ਚੰਨ ਲਗਾ ਦੇਣੇ ਸਨ। ਵੋਟਰ ’ਚੋਂ ‘ਹਿੰਦੂ’ ਦੇ ਦੀਦਾਰ ਹੁੰਦੇ ਤਾਂ ਭਾਰਤੀ ਜਨਤਾ ਪਾਰਟੀ ਨੇ ਛਾ ਜਾਣਾ ਸੀ। ਰਾਜਿਆਂ-ਮਹਾਰਾਜਿਆਂ ਦੀਆਂ ਬਿਸਾਖੀਆਂ ਦੇ ਸਹਾਰੇ ਇਸ ਨੇ ਸੱਤਾ ਹਾਸਲ ਕਰ ਲੈਣੀ ਸੀ। ਸਿਵਿਆਂ ’ਤੇ ਰੋਟੀਆਂ ਸੇਕਣ ਵਾਲਿਆਂ ਦਾ ਬੋਲਬਾਲਾ ਵੋਟਾਂ ਵਿਚ ਅਨੁਵਾਦ ਹੋ ਜਾਂਦਾ ਤਾਂ ਇਹ ਕਾਲੇ ਦੌਰ ਦਾ ਆਗ਼ਾਜ਼ ਹੁੰਦਾ। ਪੰਜਾਬ ਦਾ ਵੋਟਰ ਰਵਾਇਤੀ ਪਾਰਟੀਆਂ ਤੋਂ ਅੱਕ-ਥੱਕ ਚੁੱਕਾ ਸੀ। ਬਦਲੀਆਂ-ਬਦਲਿਆਂ ਦੀ ਕੁਟਲਨੀਤੀ ਨੂੰ ਧੋਬੀ ਪੱਟੜਾ ਮਾਰ ਕੇ ਉਹ ਬਦਲਾਅ ਚਾਹੁੰਦਾ ਸੀ। ‘ਆਪ’ ਨੇ ਵੋਟਰ ਨੂੰ ਬਦਲ ਦੇ ਦਿੱਤਾ। ਤਵਾਰੀਖ਼ ਗਵਾਹ ਹੈ ਕਿ ਪੰਜਾਬ ਨਾ ਜ਼ੁਲਮ ਕਰਨ ਦੇ ਹੱਕ ’ਚ ਰਿਹਾ ਹੈ ਤੇ ਨਾ ਸਹਿਣ ਦੇ। ਆਕੀ ਲੋਕ ਬਾਗ਼ੀ ਹੁੰਦੇ ਹਨ ਤਾਂ ਤਖ਼ਤਾ ਪਲਟਾਉਣ ਲਈ ਵਹੀਰਾਂ ਘੱਤਦੇ ਹਨ। ਇਸੇ ਲਈ ਪੰਜਾਬ ਵਿਚ ਕਦੇ ਵੀ ‘ਲੰਗੜੀ’ ਸਰਕਾਰ ਨਹੀਂ ਬਣੀ। ਆਪਣੀ ਆਈ ’ਤੇ ਆਇਆ ਪੰਜਾਬੀ ਚਿਹਰੇ ਨਹੀਂ ਵੇਖਦਾ, ਬਸ ਚੋਣ ਨਿਸ਼ਾਨ ਵੇਖਦਾ ਹੈ। ਉਨ੍ਹਾਂ ਦੇ ਇਸ ਪਿਤਰੀ ਸੁਭਾਅ ਨੇ ਅਣਗਿਣਤ ਆਮ ਆਦਮੀਆਂ ਨੂੰ ਖ਼ਾਸ ਬਣਾਇਆ ਹੈ। ਪੰਜਾਬ ਦੀ ਧਰਤੀ ਹੇਠ ਜਵਾਲਾਮੁਖ ਅੰਗੜਾਈਆਂ ਲੈਂਦੇ ਹਨ।
ਲੰਬੇ ਸਮੇਂ ਤੋਂ ਰਿਝ ਰਿਹਾ ਲਾਵਾ ਜਦੋਂ ਫਟਦਾ ਹੈ ਤਾਂ ਉਹ ਰਾਹ ਵਿਚ ਆਉਣ ਵਾਲਿਆਂ ਨੂੰ ਨੇਸਤੋ-ਨਾਬੂਦ ਕਰ ਦਿੰਦਾ ਹੈ। ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਪਸ਼ਟ ਕੀਤਾ ਹੈ ਕਿ ਪੰਜਾਬੀ ਜਦੋਂ ਆਈ ’ਤੇ ਆ ਜਾਣ ਤਾਂ ਵੱਡੇ-ਵੱਡੇ ਘਾਗਾਂ ਨੂੰ ਚਿੱਤ ਕਰ ਦਿੰਦੇ ਹਨ। ਉਨ੍ਹਾਂ ਦੀ ਰਹਿਮਤ ਹੋ ਜਾਵੇ ਤਾਂ ਰਾਣੇ-ਮਹਾਰਾਣੇ, ਰੰਕ ਅਤੇ ਰੰਕ ਮਹਾਰਾਜੇ ਬਣ ਜਾਂਦੇ ਹਨ। ਅਲਬੇਲੇ ਕਵੀ ਪ੍ਰੋ. ਪੂਰਨ ਸਿੰਘ ਦੇ ਬੋਲ ਇਹੋ ਦੱਸਦੇ ਹਨ, ‘ਪੰਜਾਬ ਨਾ ਹਿੰਦੂ, ਨਾ ਮੁਸਲਮਾਨ; ਪੰਜਾਬ ਜੀਂਦਾ ਗੁਰਾਂ ਦੇ ਨਾਮ ’ਤੇ। ਪੰਜਾਬ ਦੇ ਚੱਪੇ-ਚੱਪੇ ’ਤੇ ਗੁਰੂਆਂ, ਪੀਰਾਂ, ਸੂਫ਼ੀਆਂ-ਸੰਤਾਂ ਦੀਆਂ ਸੰਦਲੀ ਪੈੜਾਂ ਪਈਆਂ ਮਹਿਸੂਸ ਹੁੰਦੀਆਂ ਹਨ। ਇਨ੍ਹਾਂ ਸਭ ਦੀ ਬਖਸ਼ਿਸ਼ ਸਦਕਾ ਪੰਜਾਬ ਵਿਚ ‘ਮੇਰ-ਤੇਰ’ ਨਹੀਂ ਦਿਸਦੀ। ਹਾਂ, ਕੁਝ ਤਾਕਤਾਂ ਪੰਜਾਬ ਅਤੇ ਪੰਜਾਬੀਆਂ ਨੂੰ ਫਿਰਕੂ ਲੀਹਾਂ ’ਤੇ ਵੰਡਣ ਦੀ ਤਾਕ ਵਿਚ ਰਹਿੰਦੀਆਂ ਹਨ। ਬਿ੍ਰਟਿਸ਼ ਸਰਕਾਰ ਨੇ ਇਸ ਵੰਡ ਨੂੰ ਅਮਲੀਜਾਮਾ ਪਹਿਨਾਉਣ ਲਈ ਸੇਹੇ ਦਾ ਤੱਕਲਾ ਗੱਡਿਆ ਸੀ। ਵੰਡ ਵੇਲੇ ਲੱਖਾਂ ਨਿਰਦੋਸ਼ ਪੰਜਾਬੀਆਂ ਦੇ ਖ਼ੂਨ ਡੁੱਲ੍ਹਣ ਦਾ ਕਾਰਨ ਵੀ ਗੋਰੀ ਸਰਕਾਰ ਦੀਆਂ ਵੰਡ-ਪਾਊ ਨੀਤੀਆਂ-ਬਦਨੀਤੀਆਂ ਸਨ। ਵੰਡ ਤੋਂ ਬਾਅਦ ਆਜ਼ਾਦ ਹਿੰਦੁਸਤਾਨ ਵਿਚ ਵੀ ਅਜਿਹੀਆਂ ਸ਼ਰਾਰਤਾਂ ਹੁੰਦੀਆਂ ਰਹੀਆਂ। ਫਿਰਕੂ ਹਨੇਰੀਆਂ ਝੁੱਲੀਆਂ ਪਰ ਸਮਾਂ ਪਾ ਕੇ ਪੰਜਾਬੀ ਫਿਰ ਆਪਣੀ ਅਮੀਰ ਵਿਰਾਸਤ ਨੂੰ ਸਾਂਭਦੇ ਦਿਸੇ। ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਾਂਮੱਤਾ ਇਤਿਹਾਸ ਇਸ ਦੀ ਸ਼ਾਹਦੀ ਭਰਦਾ ਹੈ। ਖ਼ੁਦ ਨੂੰ ਅਕਾਲ ਪੁਰਖ ਦੀ ਫ਼ੌਜ ਸਮਝਣ ਵਾਲੇ ਅਕਾਲੀ ਸਿਰਾਂ ’ਤੇ ਕੱਫ਼ਨ ਬੰਨ੍ਹ ਕੇ ਘਰੋਂ ਨਿਕਲਦੇ ਸਨ। ਉਨ੍ਹਾਂ ਨੇ ਦੇਸ਼ ਅਤੇ ਕੌਮ ਖ਼ਾਤਰ ਲਾਸਾਨੀ ਕੁਰਬਾਨੀਆਂ ਦਿੱਤੀਆਂ। ਉਹ ਆਪਣੇ ਕੱਚੇ ਘਰਾਂ ਨੂੰ ਪਿੱਛੇ ਛੱਡ ਕੇ ਗੁਰਧਾਮਾਂ ਨੂੰ ਪੱਕੇ ਕਰਵਾਉਣ ਲਈ ਸਿਰ ਤਲੀਆਂ ’ਤੇ ਧਰ ਕੇ ਵਹੀਰਾਂ ਘੱਤਦੇ। ਹੱਸ-ਹੱਸ ਕੇ ਫਾਂਸੀਆਂ ਦੇ ਰੱਸਿਆਂ ਨੂੰ ਚੁੰਮਦੇ। ਜਦੋਂ ਦਸੰਬਰ 1920 ਵਿਚ ਅਕਾਲੀ ਦਲ ਹੋਂਦ ਵਿਚ ਆਇਆ ਸੀ ਤਾਂ ਉਸ ਤੋਂ ਸੱਤ ਸਾਲ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਹੋਇਆ ਸੀ। ਉਨ੍ਹਾਂ ਦਾ ਜਨਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਮ ਤੋਂ ਦੋ ਕੁ ਸਾਲ ਬਾਅਦ ਹੋਇਆ ਸੀ। ਦੇਸ਼ ਦੀ ਵੰਡ ਵੇਲੇ ਉਹ 20 ਸਾਲਾਂ ਦੇ ਗੱਭਰੂ-ਜਵਾਨ ਸਨ। ਆਜ਼ਾਦੀ ਤੋਂ ਇਕ ਦਹਾਕਾ ਬਾਅਦ ਉਹ ਪੰਜਾਬ ਵਿਧਾਨ ਸਭਾ ਲਈ ਪਹਿਲੀ ਵਾਰ ਚੁਣੇ ਗਏ। ਉਹ ਆਜ਼ਾਦੀ ਦੀ ਲਹਿਰ ਤੋਂ ਇਲਾਵਾ ਅਣਗਿਣਤ ਪੰਥਕ ਲਹਿਰਾਂ ਦੇ ਚਸ਼ਮਦੀਦ ਗਵਾਹ ਵੀ ਰਹੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜਾਬ ਅਤੇ ਪੰਜਾਬੀਅਤ ਖ਼ਾਤਰ ਸ਼ੁਰੂ ਕੀਤੇ ਗਏ ‘ਧਰਮ ਯੁੱਧਾਂ’ ਵਿਚ ਵੀ ਉਨ੍ਹਾਂ ਨੇ ਸ਼ਿਰਕਤ ਕੀਤੀ ਸੀ। ਹੁਣ ਉਮਰ ਦੀ ਸੰਧਿਆ ਵੇਲੇ ਉਨ੍ਹਾਂ ਦਾ ਚੋਣ ਹਾਰਨਾ ਕਈ ਸਵਾਲ ਖੜ੍ਹੇ ਕਰਦਾ ਹੈ। ਦੂਜੇ ਅਕਾਲੀ ਦਲਾਂ ਦਾ ਹਸ਼ਰ ਬਾਦਲਾਂ ਤੋਂ ਵੀ ਮਾੜਾ ਹੈ। ਉਨ੍ਹਾਂ ਦੀ ਹੋਂਦ ਮਾਝੇ, ਦੁਆਬੇ, ਮਾਲਵੇ ਤੇ ਪੁਆਧ ਵਿਚ ਕਿਤੇ ਨਹੀਂ ਰੜਕੀ। ਬਾਦਲ ਪਰਿਵਾਰ ਦੀ ਪਹਿਲੀ ਵਾਰ ਨਮੋਸ਼ੀ ਭਰੀ ਹਾਰ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਬਾਦਲ ਪਰਿਵਾਰ ਬਸ ਇੰਨੀ ਕੁ ਤਸੱਲੀ ਜ਼ਰੂਰ ਲੈ ਸਕਦਾ ਹੈ ਕਿ ਉਹ ਭਾਵੇਂ ‘ਤੇਰਾਂ’ ਵਿਚ ਨਾ ਆਏ ਹੋਣ ਪਰ ‘ਤਿੰਨਾਂ’ ਵਿਚ ਜ਼ਰੂਰ ਆ ਗਏ ਹਨ। ਆਜ਼ਾਦੀ ਦੀ ਜੰਗ ਜਿੱਤਣ ਵਾਲੀ ਕਾਂਗਰਸ ਨੂੰ 18 ਸੀਟਾਂ ਮਿਲਣਾ ਨਮੋਸ਼ੀ ਤੋਂ ਘੱਟ ਨਹੀਂ ਹੈ। ‘ਆਪ’ ਦੇ ਹੱਥ ਪੰਜਾਬ ਦੀ ਵਾਗਡੋਰ ਪਹਿਲੀ ਵਾਰ ਆਈ ਹੈ। ਚੋਣਾਂ ਤੋਂ ਪਹਿਲਾਂ ਇਸ ਨੇ ਪੰਜਾਬੀਆਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ। ਪੰਜਾਬ ਦੀ ਕਾਇਆ-ਕਲਪ ਕਰਨ ਦਾ ਵੀ ਇਕਰਾਰ ਕੀਤਾ ਗਿਆ ਸੀ। ‘ਗਾਰੰਟੀਆਂ’ ਦੇ ਕੇ ਸੱਤਾ ਵਿਚ ਆਈ ਪਾਰਟੀ ਨੂੰ ਆਪਣੇ ਵਾਅਦੇ ਵਫ਼ਾ ਕਰਨੇ ਹੋਣਗੇ।
‘ਆਪ’ ਲੀਡਰਸ਼ਿਪ ਨੂੰ ਰਵਾਇਤੀ ਪਾਰਟੀਆਂ ਦੀਆਂ ਬੱਜਰ ਗ਼ਲਤੀਆਂ ਤੋਂ ਸਿੱਖ ਕੇ ਪੰਜਾਬ ਦਾ ਭਵਿੱਖ ਸੰਵਾਰਨ ਲਈ ਜਦੋਜਹਿਦ ਜਾਰੀ ਰੱਖਣੀ ਹੋਵੇਗੀ। ਵੋਟਰਾਂ ਨੇ ‘ਆਮ ਆਦਮੀ ਪਾਰਟੀ’ ਨੂੰ ‘ਖ਼ਾਸ ਆਦਮੀ ਬਣਾਇਆ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਆਪਣੇ ‘ਆਮ ਆਦਮੀ’ ਹੋਣ ਦੀ ‘ਖ਼ਾਸੀਅਤ’ ਨੂੰ ਭੁੱਲਣਾ ਨਹੀਂ ਚਾਹੀਦਾ। ਹਲਫ਼ ਲੈਣ ਤੋਂ ਪਹਿਲਾਂ ਹੀ ਭਗਵੰਤ ਮਾਨ ਨੇ ਜਗ ਜ਼ਾਹਰ ਕੀਤਾ ਹੈ ਕਿ ਉਹ ਅਤੇ ਉਨ੍ਹਾਂ ਦੇ ਮੰਤਰੀ/ਵਿਧਾਇਕ ਸੱਤਾ ਸੰਭਾਲਣ ਤੋਂ ਬਾਅਦ ਵੀ ‘ਆਮ ਆਦਮੀ’ ਵਾਂਗ ਹੀ ਵਿਚਰਦੇ ਰਹਿਣਗੇ। ਭਗਵੰਤ ਮਾਨ ਲੋਕ ਮੁਹਾਵਰੇ ਵਿਚ ਗੱਲ ਕਰਦੇ ਹਨ ਜਿਸ ਦੀ ਲੋਕਤੰਤਰ ਵਿਚ ਬਹੁਤ ਮਹੱਤਤਾ ਹੈ। ਇਹੀ ਕਾਰਨ ਹੈ ਕਿ ਦਿੱਲੀ ਜਿੱਤਣ ਤੋਂ ਬਾਅਦ ‘ਆਪ’ ਨੇ ਪੰਜਾਬ ਦਾ ਦਿਲ ਜਿੱਤਿਆ ਹੈ। ਇਸੇ ਲਈ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚੋਣਾਂ ਜਿੱਤਣ ਤੋਂ ਬਾਅਦ ਵੋਟਰਾਂ ਦਾ ਧੰਨਵਾਦ ਕਰਦਿਆਂ ‘ਆਈ ਲਵ ਯੂ ਪੰਜਾਬ’ ਕਿਹਾ ਹੈ। ਹੁਣ ਉਨ੍ਹਾਂ ਨੂੰ ਸੂਬੇ ’ਤੇ ਚੜ੍ਹੇ ਤਿੰਨ ਲੱਖ ਕਰੋੜ ਰੁਪਏ ਦੇ ਕਰਜ਼ੇ ਤੋਂ ਮੁਕਤ ਕਰਨ ਲਈ ਜਦੋਜਹਿਦ ਕਰਨੀ ਹੋਵੇਗੀ। ਪੰਜਾਬ ਨੂੰ ਜੇ ਨਸ਼ਾ-ਮੁਕਤ ਕਰ ਕੇ ਇੱਥੇ ਮੁੜ ‘ਨਾਮ ਖੁਮਾਰੀ’ ਦੀ ਬਾਤ ਚੱਲੀ ਤਾਂ ‘ਆਪ’ ਇਕ ਹੋਰ ਇਤਿਹਾਸ ਸਿਰਜ ਲਵੇਗੀ।