ਪਟਿਆਲਾ (ਅਰਵਿੰਦਰ ਜੋਸ਼ਨ) ਪੰਜਾਬ ਸਰਕਾਰ ਪਰਸੋਨਲ ਵਿਭਾਗ ਵੱਲੋਂ 15,20,25,30 ਸਾਲਾਂ ਤੋਂ ਸਰਕਾਰੀ ਵਿਭਾਗਾਂ ਚ ਕੰਮ ਕਰਦੇ ਕਰਮਚਾਰੀਆਂ ਨੂੰ ਨਿਕੰਮਾ ਘੋਸ਼ਿਤ ਕਰਨ ਸਬੰਧੀ ਸੂਚੀਆਂ ਮੰਗਣ ਸਬੰਧੀ ਜਾਰੀ ਕੀਤੇ ਪੱਤਰ ਦੇ ਵਿਰੋਧ ਚ ਭੜਕੇ ਮੁਲਾਜਮਾਂ ਵਲੋਂ ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਵਲੋਂ ਬੀ.ਐਮ.ਐਲ. ਕੰਪਲੈਕਸ ਪਟਿਆਲਾ ਵਿਖੇ ਜੋਨ ਪ੍ਰਧਾਨ ਜਸਵੀਰ ਸਿੰਘ ਖੋਖਰ, ਜਨਰਲ ਸਕੱਤਰ ਛੱਜੂ ਰਾਮ, ਚੇਅਰਮੈਨ ਦਰਸ਼ਨ ਰੋਂਗਲਾ ਅਤੇ ਖਜਾਨਚੀ ਸੁਲੱਖਣ ਸਿੰਘ ਖਮਾਣੋ ਦੀ ਅਗਵਾਈ ‘ਚ ਰੋਸ ਧਰਨਾ ਦੇਣ ਤੋਂ ਉਪਰੰਤ ਐਸ.ਈ. ਬੀ.ਐਮ.ਐਲ. ਤੇ ਐਸ.ਸੀ. ਆਈ.ਵੀ. ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਵੱਲੋਂ ਮੁੱਖ ਇੰਜੀਨੀਅਰ ਜਲ ਸਰੋਤ ਵਿਭਾਗ ਨੂੰ 29—05—2020 ਨੂੰ ਜਾਰੀ ਪੱਤਰ ਵਾਪਸ ਲੈਣ ਦੀ ਪੁਰਜੋਰ ਮੰਗ ਕੀਤੀ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਦਰਸ਼ਨ ਬੇਲੂਮਾਜਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਉਕਤ ਪੱਤਰ ਖਿਲਾਫ ਸਮੁੱਚੇ ਪੰਜਾਬ ਦੇ ਜਲ ਸਰੋਤ ਹਲਕਾ ਦਫ਼ਤਰਾਂ ਅੱਗੇ 8 ਜੂਨ ਤੋਂ 22 ਜੂਨ ਤੱਕ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਦੇ ਕੇ ਮੁਲਾਜਮ ਵਿਰੋਧੀ ਪੱਤਰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਤੇ ਚਿਤਾਵਨੀ ਦਿੱਤੀ ਕਿ ਜੇਕਰ ਪੱਤਰ ਵਾਪਸ ਨਾ ਲਿਆ ਤਾਂ ਸਰਕਾਰ ਖਿਲਾਫ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬ੍ਰਾਂਚ ਘਨੌਰ ਦੇ ਜਨਰਲ ਸਕੱਤਰ ਲਖਵਿੰਦਰ ਸਿੰਘ ਖਾਨਪੁਰ, ਸਨੌਰ ਦੇ ਬਲਵਿੰਦਰ ਮੰਡੋਲੀ, ਸਮਾਣਾ ਦੇ ਹਰਦੇਵ ਸਿੰਘ, ਪਾਤੜਾਂ ਦੇ ਪਵਨ ਕੁਮਾਰ, ਪਟਿਆਲਾ ਦੇ ਲਖਵਿੰਦਰ ਸਿੰਘ, ਮਨਿਸਟਰੀਅਲ ਯੂਨੀਅਨ ਸਿੰਚਾਈ ਵਿਭਾਗ ਦੇ ਬਚਿੱਤਰ ਸਿੰਘ, ਨਰੇਸ਼ ਦੇਧਨਾ, ਅਮਰਨਾਥ, ਰਾਮ ਪਾਲ ਆਈ.ਬੀ., ਕ੍ਰਿਸ਼ਨ ਖਨੌਰੀ, ਰਾਜਿੰਦਰ ਧਾਲੀਵਾਲ, ਰਣਧੀਰ ਸਿੰਘ ਪਟਿਆਲਾ, ਕਰਮ ਸਿੰਘ ਨਾਭਾ, ਜਗਤਾਰ ਖਮਾਣੋਂ, ਹਰੀ ਰਾਮ ਬੀ.ਐਮ. ਸਰਕਲ ਆਦਿ ਨੇ ਜਿੱਥੇ ਉਕਤ ਪੱਤਰ ਵਾਪਸ ਲੈਣ ਦੀ ਮੰਗ ਕੀਤੀ ਉੱਥੇ ਪੰਜਾਬ ਸਰਕਾਰ ਵੱਲੋਂ ਕੀਤੇ ਚੋਣ ਵਾਅਦਿਆਂ ਅਨੁਸਾਰ ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ, ਡੀ.ਏ. ਦੀਆਂ ਕਿਸ਼ਤਾਂ ਅਤੇ ਬਕਾਏ ਜਾਰੀ ਕਰਨ, ਪੁਰਾਣੀ ਪੈਨਸ਼ਨ ਲਾਗੂ ਕਰਨ ਅਤੇ ਮੁਲਾਜਮਾਂ ਤੇ ਲਾਇਆ 2400/— ਰੁਪਏ ਜਜੀਆ ਟੈਕਸ ਬੰਦ ਕਰਨ ਦੀ ਮੰਗ ਕੀਤੀ।