ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਹੋਰ ਤੇਜ਼ ਹੋਵੇਗਾ

ਚੰਡੀਗੜ੍ਹ, ਮੀਡੀਆ ਬਿਊਰੋ:

ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਲਈ ਕਾਂਗਰਸ ’ਚ 2021 ਤੋਂ ਸ਼ੁਰੂ ਹੋਈ ਖਿੱਚੋਤਾਣ ਦਾ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਕਾਂਗਰਸ ਇਸ ਦਲਦਲ ’ਚੋਂ ਜਿੰਨਾ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ, ਓਨਾ ਹੀ ਉਸ ’ਚ ਧੱਸਦੀ ਜਾ ਰਹੀ ਹੈ। ਇਸ ਤਹਿਤ ਨਵਾਂ ਅਧਿਆਏ ਸੁਨੀਲ ਜਾਖਡ਼ ਦੇ ਰੂਪ ’ਚ ਜੁਡ਼ ਗਿਆ ਹੈ। ਕਾਂਗਰਸ ਆਪਣੇ ਸੀਨੀਅਰ ਆਗੂ ਸੁਨੀਲ ਜਾਖਡ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਪਾਰਟੀ ਦੇ ਬਾਕੀ ਆਗੂਆਂ ਨੂੰ ਅਨੁਸ਼ਾਸਨ ’ਚ ਰਹਿਣ ਦਾ ਸੰਦੇਸ਼ ਦੇਣਾ ਚਾਹੁੰਦੀ ਸੀ, ਪਰ ਅਜਿਹਾ ਨਹੀਂ ਹੋਇਆ, ਕਿਉਂਕਿ ਜਾਖਡ਼ ਪਾਰਟੀ ਦੇ ਕਾਰਨ ਦੱਸੋ ਨੋਟਿਸ ਦਾ ਜਵਾਬ ਦੇਣ ਦੇ ਮੂਡ ’ਚ ਨਹੀਂ ਹੈ। ਪਾਰਟੀ ਦੇ ਨੋਟਿਸ ਦੀ ਮਿਆਦ ਸੋਮਵਾਰ ਨੂੰ ਖ਼ਤਮ ਹੋ ਰਹੀ ਹੈ।

ਜਾਖਡ਼ ਦੇ ਕਰੀਬੀ ਦੱਸਦੇ ਹਨ ਕਿ ਨੋਟਿਸ ਨੇ ਉਨ੍ਹਾਂ ਦੇ ਗੁੱਸੇ ਨੂੰ ਹੋਰ ਭਡ਼ਕਾ ਦਿੱਤਾ ਹੈ, ਇਸ ਲਈ ਉਹ ਇਸ ਦਾ ਜਵਾਬ ਨਹੀਂ ਦੇਣਗੇ। ਜਾਖਡ਼ ਜੇਕਰ ਸੋਮਵਾਰ ਤਕ ਨੋਟਿਸ ਦਾ ਜਵਾਬ ਨਹੀਂ ਦਿੰਦੇ ਹਨ, ਤਾਂ ਪਾਰਟੀ ਸਾਹਮਣੇ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਜਾਵੇਗਾ। ਇਸ ਨਾਲ ਕਾਂਗਰਸ ’ਚ ਵਿਵਾਦ ਹੋਰ ਵਧ ਸਕਦਾ ਹੈ। ਕਾਂਗਰਸ ਦਾ ਇਕ ਵੱਡਾ ਵਰਗ ਜਾਖਡ਼ ਦੇ ਨਾਲ ਖਡ਼੍ਹਾ ਹੈ। ਉੱਥੇ, ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਰਮਿੰਦਰ ਆਵਲਾ ਪਹਿਲਾਂ ਹੀ ਨੋਟਿਸ ਨੂੰ ਗ਼ਲਤ ਦੱਸ ਚੱੁਕੇ ਹਨ। ਮੌਜੂਦਾ ਹਾਲਾਤ ’ਚ ਪਾਰਟੀ ਦੇ ਕਈ ਸੀਨੀਅਰ ਆਗੂ ਹਾਈ ਕਮਾਨ ਦੀ ਕਾਰਜਸ਼ੈਲੀ ਤੋਂ ਨਾਰਾਜ਼ ਚੱਲ ਰਹੇ ਹਨ। ਅਜਿਹੇ ’ਚ ਕਾਂਗਰਸ ਜਾਖੜ ਖ਼ਿਲਾਫ਼ ਕਾਰਵਾਈ ਕਰਦੀ ਹੈ ਤਾਂ ਸਿਆਸੀ ਚੁੱਕ-ਥੱਲ ਵਧ ਸਕਦੀ ਹੈ।

ਪਾਰਟੀ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ ਦੀ ਸ਼ਿਕਾਇਤ ’ਤੇ ਪਾਰਟੀ ਦੇ ਜਨਰਲ ਸਕੱਤਰ ਤਾਰਿਕ ਅਨਵਰ ਨੇ ਜਾਖਡ਼ ਨੂੰ 11 ਅਪ੍ਰੈਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਇਸ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਪਾਰਟੀ ਦੇ ਆਗੂਆਂ ਖ਼ਿਲਾਫ਼ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਪੰਜਾਬ ’ਚ ਵਿਧਾਇਕ ਦਲ ਦਾ ਆਗੂ ਚੁਣਦੇ ਸਮੇਂ ਫ਼ਿਰਕੂ ਸੋਚ ਨੂੰ ਅਪਣਾਇਆ। ਉਨ੍ਹਾਂ ਨੂੰ ਸੱਤ ਦਿਨ ’ਚ ਜਵਾਬ ਦੇਣ ਲਈ ਕਿਹਾ ਗਿਆ ਸੀ। ਜਾਖਡ਼ ’ਤੇ ਦੋਸ਼ ਹੈ ਕਿ ਉਨ੍ਹਾਂ ਇਕ ਟੀਵੀ ਇੰਟਰਵਿਊ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਜਾਤੀਗਤ ਟਿੱਪਣੀ ਕੀਤੀ ਸੀ। ਹਾਲਾਂਕਿ, ਜਾਖਡ਼ ਇਸ ’ਤੇ ਪਹਿਲਾਂ ਹੀ ਸਫ਼ਾਈ ਦੇ ਚੁੱਕੇ ਹਨ ਕਿ ਉਨ੍ਹਾਂ ਦੀ ਟਿੱਪਣੀ ਕਿਸੇ ਦੇ ਜਾਤੀ-ਧਰਮ ਨੂੰ ਲੈ ਕੇ ਨਹੀਂ ਸੀ। ਉਨ੍ਹਾਂ ਨੂੰ ਗ਼ਲਤ ਸਮਝਿਆ ਗਿਆ।

ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਜਾਖਡ਼ ਨੇ ਬਿਆਨ ਦਿੱਤਾ ਸੀ ਕਿ 42 ਵਿਧਾਇਕਾਂ ਦੀ ਹਮਾਇਤ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਲਈ ਮੁੱਖ ਮੰਤਰੀ ਨਹੀਂ ਬਣਾਇਆ ਗਿਆ, ਕਿਉਂਕਿ ਉਹ ਹਿੰਦੂ ਹਨ। ਜਾਖਡ਼ ਦੇ ਇਸ ਬਿਆਨ ’ਤੇ ਚੋਣ ਨਤੀਜਾ ਆਉਣ ਤੋਂ ਇਕ ਮਹੀਨੇ ਬਾਅਦ ਪਾਰਟੀ ਨੇ ਨੋਟਿਸ ਲਿਆ।

Share This :

Leave a Reply