ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਹਾਲਾਂ ਕਿ ਅਮਰੀਕਾ ਦੇ ਜਿਆਦਾਤਰ ਰਾਜਾਂ ਵਿਚ ਨਵੇਂ ਕੋਵਿਡ-19 ਮਾਮਲੇ ਘੱਟ ਰਹੇ ਹਨ ਪਰ 8 ਰਾਜਾਂ ਵਿਚ ਇਨਫੈਕਸ਼ਨ ਦਰ ਵਿਚ ਵਾਧਾ ਦਰਜ ਹੋਇਆ ਹੈ। ਇਨਾਂ ਵਿਚ 7 ਰਾਜ ਅਜਿਹੇ ਹਨ ਜਿਥੇ ਔਸਤ ਵੈਕਸੀਨ ਦਰ ਤੋਂ ਘੱਟ ਟੀਕਾਕਰਣ ਹੋਇਆ ਹੈ। ਅਲਾਬਾਮਾ, ਅਰਕਾਨਸਸ, ਹਵਾਈ, ਮਿਸੌਰੀ, ਨਵੇਡਾ, ਟੈਕਸਸ, ਉਟਾਹ ਤੇ ਵਾਇਓਮਿੰਗ ਵਿਚ ਪਿਛਲੇ 7 ਦਿਨਾਂ ਦੌਰਾਨ ਔਸਤ ਇਨਫੈਕਸ਼ਨ ਦਰ ਵਿਚ ਇਸ ਤੋਂ ਪਹਿਲੇ ਦੋ ਹਫਤਿਆਂ ਦੀ ਤੁਲਨਾ ਵਿਚ ਵਾਧਾ ਹੋਇਆ ਹੈ।
ਜੌਹਨ ਹੋਪਕਿਨਜ ਯੁਨੀਵਰਸਿਟੀ ਵੱਲੋਂ ਕੀਤੇ ਗਏ ਵਿਸ਼ਲੇਸ਼ਣ ਵਿਚ ਇਹ ਖੁਲਾਸਾ ਕੀਤਾ ਗਿਆ ਹੈ। ਸੈਂਟਰ ਫਾਰ ਡਸੀਜ ਕੰਟਰੋਲ (ਸੀ ਡੀ ਸੀ) ਅਨੁਸਾਰ ਹਵਾਈ ਨੂੰ ਛੱਡੇ ਕੇ ਬਾਕੀ 7 ਰਾਜ ਅਜਿਹੇ ਹਨ ਜਿਥੇ ਕੌਮੀ ਔਸਤ ਟੀਕਾਕਰਣ ਦੀ ਤੁਲਨਾ ਵਿਚ ਟੀਕਾਕਰਣ ਦਰ ਘੱਟ ਹੈ। ਸੀ ਡੀ ਸੀ ਅਨੁਸਾਰ ਔਸਤ 43% ਲੋਕਾਂ ਦਾ ਮੁਕੰਮਲ ਟੀਕਾਕਰਣ ਹੋ ਚੁੱਕਾ ਹੈ।