BSF ਹੈੱਡਕੁਆਰਟਰ ਅੰਮ੍ਰਿਤਸਰ ‘ਤੇ ਅੰਨ੍ਹੇਵਾਹ ਗੋਲੀਬਾਰੀ

5 ਸਾਥੀਆਂ ਨੂੰ ਮਾਰ ਕੇ ਕਰ ਲਈ ਖੁਦਕੁਸ਼ੀ

ਅੰਮ੍ਰਿਤਸਰ, ਮੀਡੀਆ ਬਿਊਰੋ:

ਅੰਮ੍ਰਿਤਸਰ ਦੇ ਬੀਐੱਸਐੱਫ ਸੈਕਟਰ ਖਾਸਾ ਅਟਾਰੀ ਰੋਡ ਵਿਖੇ ਡਿਊਟੀ ‘ਤੇ ਤਾਇਨਾਤ ਇਕ ਜਵਾਨ ਨੇ ਡਿਊਟੀ ਵੱਧ ਲਏ ਜਾਣ ‘ਤੇ ਸਾਥੀ ਜਵਾਨਾਂ ‘ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ ਜਿਸ ਵਿਚ ਦੋ ਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ ਤੇ 6 ਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਵਿਚੋਂ ਚਾਰ ਜ਼ਖ਼ਮੀਆਂ ਨੇ ਹਸਪਤਾਲ ‘ਚ ਦਮ ਤੋੜ ਦਿੱਤਾ ਹੈ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਜ਼ਿਕਰਯੋਗ ਹੈ ਕਿ ਗੋਲ਼ੀਆਂ ਚਲਾਉਣ ਵਾਲੇ ਬੀਐਸਐਫ ਦੇ ਜਵਾਨ ਨੇ ਵੀ ਦਮ ਤੋੜ ਦਿੱਤਾ ਹੈ।

ਜਾਣਕਾਰੀ ਅਨੁਸਾਰ ਬੀਐਸਐਫ ਦੇ ਅੰਮ੍ਰਿਤਸਰ ਮੁੱਖ ਦਫ਼ਤਰ ਖਾਸਾ ਅਟਾਰੀ ਰੋਡ ‘ਤੇ ਸਥਿਤ ਬੀਐਸਐਫ ਦੀ ਬਟਾਲੀਅਨ 144 ਵਿਖੇ ਹੈੱਡ ਕਾਂਸਟੇਬਲ ਦੀ ਡਿਊਟੀ ਨਿਭਾ ਰਹੇ ਜਵਾਨ ਸਤੁਪਾ ਮਹਾਰਾਸ਼ਟਰ ਜੋ ਕਿ ਇੱਥੇ ਡਿਊਟੀ ‘ਤੇ ਤਾਇਨਾਤ ਸੀ, ਨੇ ਆਪਣੀ ਡਿਊਟੀ ਦੌਰਾਨ ਰਾਈਫਲ ‘ਚੋਂ ਲਗਾਤਾਰ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਤਾਇਨਾਤ ਜੀਡੀ ਜਵਾਨਾਂ ਨੂੰ ਲੱਗੀਆਂ। ਸਿੱਟੇ ਵਜੋਂ ਪੰਜ ਜਵਾਨਾਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ।

ਮਿਲੀ ਜਾਣਕਾਰੀ ਅਨੁਸਾਰ ਵੱਧ ਡਿਊਟੀ ਲਏ ਜਾਣ ਤੋਂ ਸਤਾਏ ਜ਼ੁਬਾਨ ਸਤੁੱਪਾ ਨੇ ਇਹ ਫੈਸਲਾ ਅੱਕ ਕੇ ਲਿਆ ਤੇ ਆਪਣੀ ਡਿਊਟੀ ਰਾਈਫਲ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਗੋਲ਼ੀਆਂ ਚਲਾਉਣ ਵਾਲਾ ਜਵਾਨ ਲਗਾਤਾਰ ਆਪਣੇ ਖਾਸਾ ਕੈਂਪ ‘ਚ ਫਾਇਰਿੰਗ ਕਰਦਾ ਹੋਇਆ ਲੰਮਾ ਸਮਾਂ ਭੱਜਦਾ ਰਿਹਾ ਜਿੱਥੇ ਉਸ ਨੂੰ ਇਕ ਬੀਐਸਐਫ ਦੇ ਅਫ਼ਸਰ ਦੀ ਗੱਡੀ ਮਿਲੀ ਤੇ ਉਸਨੇ ਅਫ਼ਸਰ ਦੀ ਗੱਡੀ ‘ਤੇ ਵੀ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਨਾਲ ਅਫ਼ਸਰ ਦੀ ਜਾਨ ਵਾਲ-ਵਾਲ ਬਚ ਗਈ। ਉਪਰੰਤ ਦੋਸ਼ੀ ਜਵਾਨ ਨੇ ਬੀਐਸਐਫ ਦੇ ਹੈੱਡਕੁਆਰਟਰ ਵਿਖੇ ਸਥਿਤ ਹਸਪਤਾਲ ਦੇ ਨਜ਼ਦੀਕ ਜਾ ਕੇ ਆਪਣੇ-ਆਪ ਨੂੰ ਵੀ ਗੋਲ਼ੀਆਂ ਮਾਰ ਲਈਆਂ। ਸਿੱਟੇ ਵਜੋਂ ਉਹ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜ਼ਖ਼ਮੀ ਹੋਏ ਸਾਰੇ ਬੀਐਸਐਫ ਜਵਾਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਅੰਮ੍ਰਿਤਸਰ ਵਿਖੇ ਪਹੁੰਚਾਇਆ ਗਿਆ ਹੈ।

Share This :

Leave a Reply