ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਭਾਰਤੀ ਮੂਲ ਦੀ 12 ਸਾਲਾ ਬੱਚੀ ਸੋਨੀਆ ਦਪਤਰਦਾਰ “ਇੰਟਰਨੈਸ਼ਨਲ ਯੁਨਾਈਟਿਡ ਮਿਸ ਨਾਰਥ ਕੈਰੋਲੀਨੀ ਪ੍ਰੀਟੀਨ” ਚੁਣੀ ਗਈ ਹੈ। ਚਰਲੋਟ, ਨਾਰਥ ਕੈਰੋਲੀਨਾ ਵਿਖੇ ਹੋਏ ਇਸ ਮੁਕਾਬਲੇ ਵਿਚ ਪ੍ਰਤੀਭਾਸ਼ਾਲੀ ਬੱਚੀਆਂ ਨੇ ਹਿੱਸਾ ਲਿਆ। ਪ੍ਰਭਾਵਸ਼ਾਲੀ ਸਮਾਗਮ ਵਿਚ ਸੋਨੀਆ ਨੂੰ ਤਾਜ ਪਹਿਨਾਇਆ ਗਿਆ ਤੇ ਟਰਾਫੀ ਦਿੱਤੀ ਗਈ । ਹੁਣ ਉਹ ਮਿਰਟਲ ਬੀਚ, ਦੱਖਣੀ ਕੈਰੋਲੀਨਾ ਵਿਚ ਇਸ ਗਰਮ ਰੁੱਤ ਵਿਚ ਹੋਣ ਵਾਲੇ ਕੌਮਾਂਤਰੀ ਮੁਕਾਬਲੇ ਵਿਚ ਹਿੱਸਾ ਲਵੇਗੀ। ਇਥੇ ਜਿਕਰਯੋਗ ਹੈ ਕਿ ਇੰਟਰਨੈਸ਼ਨਲ ਯੁਨਾਈਟਿਡ ਮਿਸ ਮੁਕਾਬਲਾ ਇਕ ਸਕਾਲਰਸ਼ਿੱਪ ਮੁਕਾਬਲੇ ਦੀ ਤਰਾਂ ਹੈ ਜਿਸ ਦਾ ਮਕਸਦ ਬੱਚੀਆਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਉਹ ਆਪਣੇ ਵਿਚ ਮੌਜੂਦਾ ਕਲਾ ਨੂੰ ਉਭਾਰ ਸਕਣ। ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੀਆਂ ਬੱਚੀਆਂ ਵਿਚ ਹਿੰਮਤ ਤੇ ਹੌਸਲਾ ਵਧਦਾ ਹੈ ਤੇ ਉਹ ਵੱਡੀਆਂ ਹੋ ਕੇ ਸਮਾਜ ਨਿਰਮਾਣ ਦੇ ਕਾਰਜ ਵਿਚ ਆਪਣਾ ਯੋਗਦਾਨ ਪਾਉਂਦੀਆਂ ਹਨ।
ਸੋਨੀਆ ਨੇ ਤਾਜ ਪਹਿਣਨ ਉਪਰੰਤ ਕਿਹਾ ਕਿ ਮੈ ਇਸ ਮੁਕਾਬਲੇ ਦੇ ਸੰਦੇਸ਼ ਤੋਂ ਉਤਸ਼ਾਹਿਤ ਹੋ ਕੇ ਇਸ ਵਿਚ ਹਿੱਸਾ ਲੈਣ ਦਾ ਮੰਨ ਬਣਾਇਆ ਸੀ। ਇਹ ਮੁਕਾਬਲਾ ਲੜਕੀਆਂ ਤੇ ਔਰਤਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ ਕਿ ਉਹ ਕਿਸ ਤਰਾਂ ਸਮਾਜ ਵਿਚ ਅੱਗੇ ਵਧ ਸਕਦੀਆਂ ਹਨ। ਉਸ ਨੇ ਕਿਹਾ ਕਿ ਮੈ ਇਸ ਮੁਕਾਬਲੇ ਦੌਰਾਨ ਵੱਖ ਵੱਖ ਪਿਛੋਕੜ ਨਾਲ ਸਬੰਧ ਰਖਦੀਆਂ ਲੜਕੀਆਂ ਨੂੰ ਮਿਲੀ ਹਾਂ, ਮੇਰੇ ਨਵੇਂ ਮਿੱਤਰ ਬਣੇ ਹਨ ਤੇ ਮੈਨੂੰ ਆਪਣੇ ਟੀਚੇ ਦੀ ਪ੍ਰਾਪਤੀ ਲਈ ਨਵੇਂ ਹੁਨਰ ਸਿੱਖਣ ਨੂੰ ਮਿਲੇ ਹਨ। ਮਿਲਜ ਪਾਰਕ ਮਿਡਲ ਸਕੂਲ ਕੈਰੀਲੋਨਾ ਦੀ 7 ਵੀਂ ਸ਼੍ਰੇਣੀ ਦੀ ਵਿਦਿਆਰਥਣ ਸੋਨੀਆ ਨੇ ਕਿਹਾ ਕਿ ਇਹ ਮੇਰਾ ਸੁਪਨਾ ਸੀ ਜੋ ਪੂਰਾ ਹੋਇਆ ਹੈ। ਮੇਰਾ ਮਕਸਦ ਭੁੱਖਮਰੀ ਵਿਰੁੱਧ ਲੜਨ ਤੇ ਨੌਜਵਾਨਾਂ ਨੂੰ ਪੜ੍ਹਨ ਲਈ ਪ੍ਰੇਰਤ ਕਰਨਾ ਹੈ।