ਭਾਰਤੀ ਕ੍ਰਿਕਟਰ ਯਸ਼ਪਾਲ ਸ਼ਰਮਾ ਦਾ ਦੇਹਾਂਤ

ਚੰਡੀਗੜ੍ਹ (ਮੀਡੀਆ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਾਬਕਾ ਕਿ੍ਰਕਟਰ ਯਸ਼ਪਾਲ ਸ਼ਰਮਾ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਯਸ਼ਪਾਲ ਸ਼ਰਮਾ ਜੋ 66 ਵਰਿਆਂ ਦੇ ਸਨ, ਦਾ ਅੱਜ ਨਵੀਂ ਦਿੱਲੀ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਤੇ ਇਕ ਬੇਟਾ ਛੱਡ ਗਏ।ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਯਸ਼ਪਾਲ ਸ਼ਰਮਾ ਨੂੰ ਇਕ ਮਹਾਨ ਕਿ੍ਰਕਟਰ ਦੱਸਿਆ ਜਿਹੜੇ ਉਸ ਭਾਰਤੀ ਕਿ੍ਰਕਟ ਟੀਮ ਦਾ ਹਿੱਸਾ ਸਨ, ਜਿਸ ਨੇ 1983 ਵਿੱਚ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਧਰਤੀ ਦੇ ਇਸ ਪੁੱਤਰ ਦੇ ਤੁਰ ਜਾਣ ਨਾਲ ਅੱਜ ਹਰ ਦੇਸ਼ ਵਾਸੀ ਖਾਸ ਕਰਕੇ ਹਰ ਪੰਜਾਬੀ ਉਸ ਮਹਾਨ ਬੱਲੇਬਾਜ ਨੂੰ ਯਾਦ ਕਰ ਰਿਹਾ ਹੈ ਜਿਹੜੇ ਭਾਰਤੀ ਕਿ੍ਰਕਟ ਟੀਮ ਦੇ ਕੌਮੀ ਚੋਣਕਾਰ ਵੀ ਰਹੇ ਹਨ।ਸਾਬਕਾ ਕਿ੍ਰਕਟਰ ਦੇ ਪਰਿਵਾਰ, ਸਾਕ-ਸਨੇਹੀਆਂ, ਦੋਸਤਾਂ ਤੇ ਪ੍ਰਸੰਸਕਾਂ ਨਾਲ ਦੁੱਖ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਵਾਹਿਗੁਰੂ ਅੱਗੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।    

ਚੰਡੀਗੜ੍ਹ– ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਾਰਤੀ ਕਿ੍ਰਕਟਰ ਯਸ਼ਪਾਲ ਸਰਮਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨਾਂ ਦੀ ਖੇਡ ਵਿਰਾਸਤ ਦੀਆਂ ਪੰਜਾਬ ਵਿੱਚ ਡੂੰਘੀਆਂ ਤੰਦਾਂ ਜੁੜੀਆਂ ਹੋਈਆਂ ਹਨ। ਭਾਰਤ ਦੀ 1983 ਦੀ ਵਿਸ਼ਵ ਕੱਪ ਜੇਤੂ ਟੀਮ ਦਾ ਅਹਿਮ ਅੰਗ ਰਹੇ ਅਤੇ ਆਪਣੇ ਸਮੇਂ ਦੇ ਮੱਧ-ਕ੍ਰਮ ਦੇ ਬੱਲੇਬਾਜ ਹੋਣ ਦਾ ਨਾਮਣਾ ਖੱਟਦੇ ਰਹੇ ਸ਼ਰਮਾ (66) ਨੇ ਨਵੀਂ ਦਿੱਲੀ ਵਿਖੇ ਦਿਲ ਦਾ ਦੌਰਾ ਪੈਣ ਨਾਲ ਆਖਰੀ ਸਾਹ ਲਏ।

ਉਹ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਏ ਹਨ।ਆਪਣੇ ਸ਼ੋਕ ਸੰਦੇਸ਼ ਵਿੱਚ ਰਾਣਾ ਸੋਢੀ ਨੇ ਕਿਹਾ ਕਿ 70ਵਿਆਂ ਅਤੇ 80ਵਿਆਂ ਦੌਰਾਨ ਮੱਧ-ਕ੍ਰਮ ਦੇ ਧਮਾਕੇਦਾਰ ਬੱਲੇਬਾਜ ਰਹੇ ਸ਼ਰਮਾ ਨੇ ਆਪਣੇ ਵੱਲ ਸਭ ਤੋਂ ਪਹਿਲਾਂ ਧਿਆਨ ਉਦੋਂ ਖਿੱਚਿਆ, ਜਦੋਂ ਉਨਾਂ ਨੇ 1972 ਵਿੱਚ ਜੰਮੂ ਕਸ਼ਮੀਰ ਸਕੂਲਜ ਵਿਰੁੱਧ ਖੇਡਦਿਆਂ ਪੰਜਾਬ ਸਕੂਲਜ ਲਈ 260 ਦੌੜਾਂ ਬਣਾਈਆਂ। ਦੋ ਸਾਲਾਂ ਦੇ ਅੰਦਰ-ਅੰਦਰ ਉਹ ਰਾਜ ਦੀ ਟੀਮ ਵਿੱਚ ਆ ਗਏ ਅਤੇ ਉੱਤਰੀ ਜੋਨ ਦੀ ਟੀਮ ਦੇ ਮੈਂਬਰ ਬਣੇ ਅਤੇ ਇਸੇ ਟੀਮ ਨੇ ਉਦੋਂ ਵਿਜੈ ਹਜਾਰੇ ਟਰਾਫੀ ਜਿੱਤੀ। ਲੁਧਿਆਣਾ ਵਿੱਚ ਜੰਮੇ-ਪਲੇ ਯਸ਼ਪਾਲ ਸਰਮਾ ਸੰਨ 2000 ਦੇ ਸ਼ੁਰੂ ਵਿੱਚ ਕੌਮੀ ਟੀਮ ਲਈ ਚੁਣੇ ਗਏ। ਇਸ ਤੋਂ ਇਲਾਵਾ ਉਹ ਰਣਜੀ ਟਰਾਫੀ ਵਿੱਚ ਪੰਜਾਬ, ਹਰਿਆਣਾ ਅਤੇ ਰੇਲਵੇ ਦੀ ਨੁਮਾਇੰਦਗੀ ਕਰਦੇ ਰਹੇ।ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੁਖੀ ਪਰਿਵਾਰ, ਸਕੇ-ਸਬੰਧੀਆਂ ਅਤੇ ਮਿੱਤਰਾਂ ਨਾਲ ਦਿਲੀ ਹਮਦਰਦੀ ਸਾਂਝੀ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਇਸ ਨਾ ਪੂਰੇ ਜਾਣ ਵਾਲੇ ਘਾਟੇ ਨੂੰ ਸਹਿਣ ਦਾ ਬਲ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। 

Share This :

Leave a Reply