ਚੰਡੀਗੜ੍ਹ, ਮੀਡੀਆ ਬਿਊਰੋ:
ਪੰਜਾਬ ਯੂਨੀਵਰਸਿਟੀ ਕੈਂਪਸ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਤੋਂ ਬਾਅਦ ਪ੍ਰਸ਼ਾਸਨ ਨੇ ਸਖ਼ਤੀ ਕਰਨ ਦਾ ਫ਼ੈਸਲਾ ਕੀਤਾ ਹੈ। ਡੀਯੂਆਈ ਪ੍ਰੋ. ਵੀਆਰ ਸਿਨਹਾ ਅਤੇ ਹੋਰਨਾਂ ਅਧਿਕਾਰੀਆਂ ਨਾਲ ਹੋਈ ਮੀਟਿੰਗ ’ਚ ਕਈ ਅਹਿਮ ਫ਼ੈਸਲਾ ਲਏ ਗਏ ਹਨ। ਪੰਜਾਬ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਵਿਚ 13 ਤੇ 14 ਜਨਵਰੀ ਨੂੰ ਵਿਦਿਆਰਥੀਆਂ ਦੀ ਐਂਟਰੀ ਬੰਦ ਰਹੇਗੀ।
ਸਾਰੇ ਵਿਭਾਗ ਮੁਖੀਆਂ ਨੂੰ ਇਸ ਨੂੰ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ।ਮੀਟਿੰਗ ਵਿਚ ਲਏ ਗਏ ਹੋਰ ਅਹਿਮ ਫ਼ੈਸਲੇ ਇਸ ਤਰ੍ਹਾਂ ਹਨ : ਏਸੀ ਜੋਸ਼ੀ ਲਾਇਬ੍ਰੇਰੀ ਦਾ ਪਹਿਲਾ ਅਤੇ ਤੀਸਰਾ ਫਲੋਰ 13 ਤੋਂ 16 ਜਨਵਰੀ ਤਕ ਬੰਦ ਰਹੇਗਾ। ਲਾਇਬ੍ਰੇਰੀ ਦੇ ਆਊਟਰ ਰੀਡਿੰਗ ਹਾਲ ਵਿਚ 50 ਫੀਸਦੀ ਵਿਦਿਆਰਥੀਆਂ ਨੂੰ ਹੀ ਐਂਟਰੀ ਮਿਲੇਗੀ, ਸਾਰੀਆਂ ਕਲਾਸਾਂ ਆਨਲਾਈਨ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ। ਪੀਯੂ ਲੈਬ ’ਚ 50 ਫੀਸਦੀ ਵਿਦਿਆਰਥੀਆਂ ਨੂੰ ਹੀ ਮਿਲੇਗੀ ਐਂਟਰੀ, ਪੀਯੂ ਪ੍ਰਸ਼ਾਸਨ ਨੇ ਸਟੂਡੈਂਟਸ ਸੈਂਟਰ ਨੂੰ 13 ਤੋਂ 16 ਜਨਵਰੀ ਤਕ ਪੂਰੀ ਤਰ੍ਹਾਂ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਅਧਿਕਾਰੀ ਸਿਰਫ 50 ਫੀਸਦੀ ਸਟਾਫ ਨੂੰ ਬੁਲਾ ਸਕਦੇ ਹਨ, ਦੂਸਰੇ ਕਰਮਚਾਰੀ ਵਰਕ ਫਰੌਮ ਹੋਮ ਕਰਨਗੇ। ਡਿਊਟੀ ’ਤੇ ਆਉਣ ਵਾਲੇ ਸਾਰੇ ਕਰਮਚਾਰੀ ਮਾਸਕ, ਸੈਨੇਟਾਈਜ਼ਰ ਅਤੇ ਉੱਚਿਤ ਦੂਰੀ ਦਾ ਖਿਆਲ ਰੱਖਣਗੇ, ਕੈਂਪਸ ਵਿਚ ਕਿਸੇ ਵੀ ਤਰ੍ਹਾਂ ਦੀ ਭੀੜ ਦੀ ਇਜਾਜ਼ਤ ਨਹੀਂ ਹੋਵੇਗੀ, ਅਧਿਕਾਰੀ ਇਸ ’ਤੇ ਨਜ਼ਰ ਰੱਖਣਗੇ।