ਭਗਵੰਤ ਮਾਨ ਨੇ ਜਿੱਤਿਆ ਭਰੋਸਾ
ਚੰਡੀਗੜ੍ਹ, ਮਿਡਿਆ ਬਿਊਰੋ:
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਸਥਾਪਤ ਪਾਰਟੀਆਂ ਲਈ ਸੁਨਾਮੀ ਸਾਬਤ ਹੋਏ। ਸਿਰਫ਼ ਅੱਠ ਸਾਲ ਪੁਰਾਣੀ ਆਮ ਆਦਮੀ ਪਾਰਟੀ (ਆਪ) ਨੇ ਅਜਿਹੇ ਦਿੱਗਜਾਂ ਨੂੰ ਢੇਰ ਕਰ ਦਿੱਤਾ, ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਉਹ ਅਜੇਤੂ ਹਨ। ਤਿੰਨ ਸਾਬਕਾ ਮੁੱਖ ਮੰਤਰੀ, ਇਕ ਮੌਜੂਦਾ ਮੁੱਖ ਮੰਤਰੀ, ਨੌਂ ਮੰਤਰੀ ਤੇ ਸਪੀਕਰ ਸਮੇਤ ਕਈ ਦਿੱਗਜਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਾਰਟੀ ਨੇ ਧਮਾਕੇਦਾਰ ਜਿੱਤ ਦਰਜ ਕਰਦੇ ਹੋਏ ਕੁੱਲ 117 ਵਿਧਾਨ ਸਭਾ ਸੀਟਾਂ ’ਚੋਂ 92 ਸੀਟਾਂ ਜਿੱਤ ਕੇ ਸਾਫ਼ ਕਰ ਦਿੱਤਾ ਕਿ ਪੰਜਾਬ ਦੀ ਸਿਆਸਤ ’ਚ ਇਸ ਵਾਰੀ ਦਲਿਤ, ਹਿੰਦੂ, ਡੇਰਾ ਤੇ ਕਿਸਾਨ ਅੰਦੋਲਨ ਫੈਕਟਰ ਕੰਮ ਨਹੀਂ ਕੀਤਾ। ਲੋਕਾਂ ਨੇ ਸਪੱਸ਼ਟ ਬਹੁਮਤ ਲਈ ਵੋਟਿੰਗ ਕੀਤੀ ਤੇ ਮੁੱਖ ਮੰਤਰੀ ਲਈ ਭਗਵੰਤ ਮਾਨ ਦੇ ਨਾਂ ’ਤੇ ਮੋਹਰ ਲਗਾਈ। ਲੋਕਾਂ ਨੇ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਮਾਡਲ ਦੀ ਥਾਂ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਨੂੰ ਤਰਜੀਹ ਦਿੱਤੀ।
ਪਿਛਲੀ ਵਾਰੀ 77 ਸੀਟਾਂ ਜਿੱਤਣ ਵਾਲੀ ਕਾਂਗਰਸ 18 ’ਤੇ ਸਿਮਟ ਗਈ, ਜਦਕਿ ਸ਼੍ਰੋਮਣੀ ਅਕਾਲੀ ਦਲ 15 ਸੀਟਾਂ ਦੇ ਆਪਣੇ ਪਿਛਲੇ ਪ੍ਰਦਰਸ਼ਨ ਤੋਂ ਡਿੱਗ ਕੇ ਸਿਰਫ਼ ਤਿੰਨ ਸੀਟਾਂ ’ਤੇ ਪਹੁੰਚ ਗਿਆ। ਉਸ ਦੀ ਭਾਈਵਾਲ ਬਸਪਾ ਵੀ ਕੋਈ ਖ਼ਾਸ ਪ੍ਰਭਾਵ ਨਹੀਂ ਛੱਡ ਸਕੀ। ਉਸਨੂੰ ਸਿਰਫ਼ ਇਕ ਸੀਟ ਮਿਲੀ। ਕਿਸਾਨ ਅੰਦੋਲਨ ਦੇ ਕਾਰਨ ਵਿਰੋਧ ਝੱਲ ਰਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਵੀ ਤਮਾਮ ਕੋਸ਼ਿਸ਼ਾਂ ਤੇ ਦਿੱਗਜ ਆਗੂਆਂ ਦੇ ਪ੍ਰਚਾਰ ਦੇ ਬਾਵਜੂਦ ਦੋ ਹੀ ਸੀਟਾਂ ਜਿੱਤ ਸਕੀ। ਪਿਛਲੀ ਵਾਰੀ ਅਕਾਲੀ ਦਲ ਨਾਲ ਗਠਜੋਡ਼ ’ਚ ਉਸਨੂੰ ਤਿੰਨ ਸੀਟਾਂ ਮਿਲੀਆਂ ਸਨ।
ਆਮ ਆਦਮੀ ਪਾਰਟੀ ਦੀ ਧਮਾਕੇਦਾਰ ਜਿੱਤ ਦਾ ਫਰਕ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਦੇ ਜ਼ਿਆਦਾਤਰ ਉਮੀਦਵਾਰ 20 ਹਜ਼ਾਰ ਤੋਂ ਜ਼ਿਆਦਾ ਦੇ ਫਰਕ ਨਾਲ ਜਿੱਤੇ ਹਨ। ਸਭ ਤੋਂ ਵੱਡੀ ਜਿੱਤ ਸੁਨਾਮ ਸੀਟ ਤੋਂ ਅਮਨ ਅਰੋਡ਼ਾ ਨੇ ਦਰਜ ਕੀਤੀ। ਉਨ੍ਹਾਂ ਨੇ 75,277 ਦੇ ਫਰਕ ਨਾਲ ਆਪਣੇ ਨਜ਼ਦੀਕੀ ਵਿਰੋਧੀ ਕਾਂਗਰਸ ਦੇ ਜਸਵਿੰਦਰ ਸਿੰਘ ਧੀਮਾਨ ਨੂੰ ਹਰਾਇਆ।
2014 ਦੀਆਂ ਲੋਕ ਸਭਾ ਚੋਣਾਂ ’ਚ 13 ’ਚੋਂ ਚਾਰ ਸੀਟਾਂ ’ਤੇ ਜਿੱਤ ਦਰਜ ਕਰ ਕੇ ਪੰਜਾਬ ’ਚ ਆਪਣਾ ਸਫ਼ਰ ਸ਼ੁਰੂ ਕਰਨ ਵਾਲੀ ‘ਆਪ’ ਨੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ 20 ਸੀਟਾਂ ਜਿੱਤੀਆਂ ਸਨ। ਤਦੋਂ ਇਹ ਕਿਹਾ ਗਿਆ ਸੀ ਕਿ ‘ਆਪ’ ਦਾ ਪੰਜਾਬ ’ਚ ਕੋਈ ਭਵਿੱਖ ਨਹੀਂ ਹੈ, ਪਰ ਉਸ ਨੇ ਤਮਾਮ ਗੱਲਾਂ ਨੂੰ ਝੂਠ ਸਾਬਿਤ ਕਰਦੇ ਹੋਏ ਪੰਜਾਬ ਦੀ ਸਿਆਸਤ ’ਚ ਵੱਡਾ ਉਲਟਫੇਰ ਕਰ ਦਿੱਤਾ।
ਸਭ ਤੋਂ ਵੱਡੀ ਜਿੱਤ
-‘ਆਪ’ ਦੇ ਅਮਨ ਅਰੋਡ਼ਾ ਨੇ (ਸੁਨਾਮ) 75,277 ਦੇ ਫਰਕ ਨਾਲ ਆਪਣੇ ਨਜ਼ਦੀਕੀ ਵਿਰੋਧੀ ਕਾਂਗਰਸ ਦੇ ਜਸਵਿੰਦਰ ਸਿੰਘ ਧੀਮਾਨ ਨੂੰ ਹਰਾਇਆ।
ਸਭ ਤੋਂ ਘੱਟ ਫਰਕ ਨਾਲ ਜਿੱਤ
ਆਮ ਆਦਮੀ ਪਾਰਟੀ ਦੇ ਰਮਨ ਅਰੋਡ਼ਾ (ਜਲੰਧਰ ਸੈਂਟਰਲ) ਨੇ ਆਪਣੇ ਨਜ਼ਦੀਕੀ ਵਿਰੋਧੀ ਕਾਂਗਰਸ ਦੇ ਰਜਿੰਦਰ ਬੇਰੀ ਨੂੰ 247 ਵੋਟਾਂ ਨਾਲ ਹਰਾਇਆ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਧਰਤੀ ਖਟਕਡ਼ ਕਲਾਂ ’ਤੇ ਸਹੁੰ ਚੁੱਕਣਗੇ ਭਗਵੰਤ ਮਾਨ
ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਪਿੱਛੋਂ ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਧਰਤੀ ਖਟਕਡ਼ ਕਲਾਂ (ਨਵਾਂਸ਼ਹਿਰ) ’ਚ ਸਹੁੰ ਚੁੱਕਣਗੇ। ਹਾਲੇ ਦਿਨ ਤੈਅ ਨਹੀਂ ਹੋਇਆ।
ਸ਼ਹਿਰ, ਪਿੰਡ ਸਭ ਸਾਫ਼
‘ਆਪ’ ਨੇ ਪਿੰਡ ਤੋਂ ਲੈ ਕੇ ਸ਼ਹਿਰ ਤਕ ਸਾਰੀਆਂ ਥਾਵਾਂ ’ਤੇ ਰਿਕਾਰਡ ਦਰਜ ਕੀਤਾ ਹੈ। ਕਿਸਾਨ ਬੈਲਟ ਮਾਲਵਾ ’ਚ ‘ਆਪ’ ਨੇ 66, ਐੱਨਆਰਆਈ ਬੈਲਟ ਦੁਆਬਾ ’ਚ 10 ਤੇ ਬਾਰਡਰ ਬੈਲਟ ਮਾਝਾ ’ਚ 16 ਸੀਟਾਂ ਜਿੱਤੀਆਂ
ਅਕਾਲੀ-ਭਾਜਪਾ ਦਾ ਰਿਕਾਰਡ ਨਹੀਂ ਟੁੱਟ ਸਕਿਆ
ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋਡ਼ ਨੂੰ 1997 ’ਚ 93 ਸੀਟਾਂ ਮਿਲੀਆਂ ਸਨ। ‘ਆਪ’ ਇਸ ਰਿਕਾਰਡ ਨੂੰ ਤੋਡ਼ਨ ’ਚ ਨਾਕਾਮ ਰਹੀ, ਪਰ ਸਭ ਤੋਂ ਵੱਡੀ ਇਕੱਲੀ ਪਾਰਟੀ ਦੇ ਤੌਰ ’ਤੇ ਇਹ ਉਸ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ 2017 ’ਚ 77 ਸੀਟਾਂ ਜਿੱਤੀਆਂ ਸਨ।
‘ਇਕ ਮੌਕਾ ਕੇਜਰੀਵਾਲ ਨੂੰ, ਇਕ ਮੌਕਾ ਭਗਵੰਤ ਮਾਨ ਨੂੰ’ ਨਾਅਰਾ ਦੇਣ ਵਾਲੀ ‘ਆਪ’ ਨੇ ਨਾ ਸਿਰਫ਼ ਦਿੱਲੀ ਦੇ ਸੁਸ਼ਾਸਨ ਤੇ ਸਰਕਾਰੀ ਸਿੱਖਿਆ ’ਚ ਸੁਧਾਰ ਦਾ ਮੁੱਦਾ ਚੁੱਕ ਕੇ ਆਪਣੀਆਂ ਪ੍ਰਾਪਤੀਆਂ ਨੂੰ ਸਾਹਮਣੇ ਰੱਖਿਆ। ਉੱਥੇ, ਪੰਜਾਬ ਦੇ ਟਰਾਂਸਪੋਰਟ ਤੇ ਰੇਤ ਮਾਫੀਆ ਦਾ ਮੁੱਦਾ, ਬੇਰੁਜ਼ਗਾਰੀ, ਲਾਲ ਫੀਤਾਸ਼ਾਹੀ ਦਾ ਮੁੱਦਾ ਚੁੱਕ ਕੇ ਹਾਕਮ ਕਾਂਗਰਸ ਨਾਲ ਸ਼੍ਰੋਮਣੀ ਅਕਾਲੀ ਦਲ ’ਤੇ ਜ਼ਬਰਦਸਤ ਹਮਲਾ ਕੀਤਾ। ਕੇਜਰੀਵਾਲ ਨੇ ਪੰਜਾਬ ’ਚ ਭਗਵੰਤ ਮਾਨ ਦੇ ਰੂਪ ’ਚ ਮੁੱਖ ਮੰਤਰੀ ਦਾ ਚਿਹਰਾ ਦਿੱਤਾ। ਸਾਫ਼ ਤੇ ਬੇਦਾਗ ਹੋਣ ਕਾਰਨ ਕਾਂਗਰਸ ਤੇ ਅਕਾਲੀ ਦਲ ਕੋਲ ਮਾਨ ’ਤੇ ਸਿੱਧਾ ਹਮਲਾ ਕਰਨ ਲਈ ਕੋਈ ਹਥਿਆਰ ਨਹੀਂ ਸੀ। ਹਾਲਾਂਕਿ ਦੋਵੇਂ ਹੀ ਪਾਰਟੀਆਂ ਨੇ ਮਾਨ ਦੀ ਸ਼ਰਾਬ ਦੀ ਆਦਤ ਨੂੰ ਲੈ ਕੇ ਜ਼ਰੂਰ ਉਨ੍ਹਾਂ ’ਤੇ ਹਮਲੇ ਕੀਤੇ ਪਰ ਉਸਦੇ ਬਦਲੇ ‘ਆਪ’ ਕੋਲ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਇੱਥੇ ਪਏ ਈਡੀ ਦੇ ਛਾਪੇ ਤੇ ਫਡ਼ੇ ਗਏ 10 ਕਰੋਡ਼ ਰੁਪਏ ਦਾ ਮੁੱਦਾ ਸੀ ਤਾਂ ਅਕਾਲੀ ਦਲ ਦੇ ਮੁੱਖ ਮੰਤਰੀ ਦੇ ਚਿਹਰੇ ਸੁਖਬੀਰ ਬਾਦਲ ਲਈ ਟਰਾਂਸਪੋਰਟ ਤੇ ਬੇਅਦਬੀ ਕਾਂਡ ਦਾ ਹਥਿਆਰ ਸੀ। ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਕਾਂਗਰਸ, ਸਾਰਿਆਂ ਨੇ ਆਪਣੀ ਚੋਣ ਦੌਰਾਨ ਕੇਜਰੀਵਾਲ ਦੇ ਦਿੱਲੀ ਮਾਡਲ ਨੂੰ ਨਕਾਰਣ ’ਤੇ ਜ਼ਿਆਦਾ ਜ਼ੋਰ ਦਿੱਤਾ। ਇਸਦੇ ਬਾਵਜੂਦ ਪੰਜਾਬ ’ਚ ਝਾਡ਼ੂ ਇਸ ਤਰ੍ਹਾਂ ਚੱਲਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਵਰਗੇ ਆਗੂ ਹਾਰ ਗਏ।






















