ਚੰਡੀਗੜ੍ਹ, ਮੀਡੀਆ ਬਿਊਰੋ:
ਵਿਧਾਨ ਸਭਾ ਚੋਣਾਂ (Punjab Assembly Election 2022) ’ਚ ਮਿਲੀ ਹਾਰ ਤੋਂ ਬਾਅਦ ਬੇਸ਼ੱਕ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਹਾਰ ਦੀ ਜ਼ਿੰਮੇਵਾਰੀ ਨਾ ਲੈਂਦਿਆਂ ਅਹੁਦੇ ਤੋਂ ਅਸਤੀਫ਼ਾ ਨਾ ਦਿੱਤਾ ਹੋਵੇ ਪਰ ਪਾਰਟੀ ਜਲਦੀ ਹੀ ਉਨ੍ਹਾਂ ’ਤੇ ਸ਼ਿਕੰਜਾ ਕੱਸਣ ਜਾ ਰਹੀ ਹੈ। ਐਤਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ (CWC) ਦੀ ਬੈਠਕ ’ਚ ਜਿਸ ਤਰ੍ਹਾਂ ਨਾਲ ਸਿੱਧੂ ਖ਼ਿਲਾਫ਼ ਆਵਾਜ਼ਾਂ ਉੱਠੀਆਂ ਉਸ ਤੋਂ ਇਸ ਗੱਲ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਉੱਥੇ, ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ (Harish Chaudhary) ਮੰਗਲਵਾਰ 15 ਮਾਰਚ ਤੋਂ ਕਾਂਗਰਸ ਦੀ ਹਾਰ ਲਈ ਰੀਵਿਊ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਨ। ਇਸਦੇ ਲਈ ਉਨ੍ਹਾਂ ਨੇ ਮਾਲਵਾ ਦੇ ਉਮੀਦਵਾਰਾਂ ਦੀ ਬੈਠਕ ਬੁਲਾ ਲਈ ਹੈ।
ਅਹਿਮ ਗੱਲ ਇਹ ਹੈ ਕਿ ਇਸ ਬੈਠਕ ’ਚ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੌਜੂਦ ਨਹੀਂ ਰਹਿਣਗੇ। ਕਾਂਗਰਸ ਨੇ ਬੈਠਕ ਮਾਲਵਾ-1 ਤੇ ਮਾਲਵਾ-2 ਜ਼ੋਨ ’ਚ ਵੰਡ ਕੇ ਬੁਲਾਈ ਹੈ। ਮਾਲਵਾ ਅਜਿਹਾ ਜ਼ੋਨ ਰਿਹਾ ਜਿੱਥੇ ਕਾਂਗਰਸ ਨੂੰ ਸਭ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। 2017 ’ਚ ਕਾਂਗਰਸ ਨੇ ਮਾਲਵਾ ’ਚ 40 ਸੀਟਾਂ ਜਿੱਤੀਆਂ ਸਨ। ਜਦਕਿ ਇਸ ਵਾਰ ਪਾਰਟੀ ਇੱਥੇ ਸਿਰਫ਼ 2 ਸੀਟਾਂ ’ਤੇ ਹੀ ਸਿਮਟ ਗਈ। ਇਸ ’ਚੋਂ ਸਾਬਕਾ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਹੀ ਇੱਕੋ ਇਕ ਅਜਿਹੇ ਵਿਧਾਇਕ ਰਹੇ ਜੋ ਆਪਣੀ ਸੀਟ ਬਚਾ ਸਕੇ। ਜਦਕਿ ਅਬੋਹਰ ’ਚ ਸੰਦੀਪ ਜਾਖਡ਼ ਨੇ ਭਾਜਪਾ ਤੋਂ ਇਹ ਸੀਟ ਕਾਂਗਰਸ ਨੂੰ ਵਾਪਸ ਦਿਵਾਈ।
ਜਾਣਕਾਰੀ ਮੁਤਾਬਕ ਇਸ ਬੈਠਕ ’ਚ ਸੂਬਾ ਇੰਚਾਰਜ ਉਮੀਦਵਾਰਾਂ ਨਾਲ ਹਾਰ ਦੇ ਕਾਰਨਾਂ ’ਤੇ ਗੱਲਬਾਤ ਕਰਨਗੇ। ਯਕੀਨੀ ਤੌਰ ’ਤੇ ਕਾਂਗਰਸ ’ਚ ਇਹ ਆਵਾਜ਼ ਉੱਠ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਦੀ ਆਪਸੀ ਖਿੱਚਤਾਣ ’ਚ ਪਾਰਟੀ ਨੂੰ ਕਾਫ਼ੀ ਨੁਕਸਾਨ ਹੋਇਆ। ਅਹਿਮ ਪਹਿਲੂ ਇਹ ਹੈ ਕਿ ਜਿੰਨੀ ਆਵਾਜ਼ ਸਿੱਧੂ ਦੇ ਖ਼ਿਲਾਫ਼ ਉੱਠ ਰਹੀ ਹੈ ਓਨੀ ਹੀ ਚੰਨੀ ਦੇ ਖ਼ਿਲਾਫ਼ ਵੀ ਉੱਠੀ ਹੈ। ਪਰ ਕਾਂਗਰਸ ਦੇ ਅੰਦਰੂਨੀ ਹਾਲਾਤ ਇਸ ਗੱਲ ਦੇ ਸੰਕੇਤ ਦੇ ਰਹੇ ਹਨ ਕਿ ਹਾਰ ਦਾ ਭਾਂਡਾ ਸਿੱਧੂ ਸਿਰ ਹੀ ਭੰਨਿਆ ਜਾਣਾ ਤੈਅ ਹੈ। ਹਾਲਾਂਕਿ ਸਿੱਧੂ ਵੀ ਸਪਸ਼ਟ ਕਰ ਚੁੱਕੇ ਹਨ ਕਿ ਚੋਣ ਚਰਨਜੀਤ ਸਿੰਘ ਚੰਨੀ ਦੇ ਚਿਹਰੇ ’ਤੇ ਲਡ਼ੀ ਗਈ ਸੀ।