ਮੋਗਾ ‘ਚ ਅਗਵਾ ਦਾ ਡਰਾਮਾ ਕਰਨ ਵਾਲੀ ਨਿਕਲੀ ਠੱਗੀ ਕਰਨ ਵਾਲੀ ਗੈਂਗ ਦੀ ਮੈਂਬਰ

ਇਕ ਦਿਨ ਦੀ ਲਾੜੀ ਬਣ ਲੁੱਟਦੀ ਸੀ

ਮੋਗਾ, ਮੀਡੀਆ ਬਿਊਰੋ:

ਮੋਗਾ ‘ਚ ਲੜਕੀ ਨੂੰ ਅਗਵਾ ਕਰਨ ਦਾ ਡਰਾਮਾ ਕਰਨ ਵਾਲੀ ਔਰਤ ਇਕ ਦਿਨ ਦੀ ਲਾੜੀ ਬਣ ਕੇ ਠੱਗਣ ਵਾਲੀ ਗੈਂਗ ਦੀ ਮੈਂਬਰ ਨਿਕਲੀ। ਹੁਣ ਤਕ ਉਹ ਤਿੰਨ ਵਿਆਹ ਕਰ ਚੁੱਕੀ ਹੈ। ਪੁਲਿਸ ਨੇ ਉਸ ਨੂੰ ਹਰਿਆਣਾ ‘ਚ ਉਸ ਦੇ ਤੀਜੇ ਪਤੀ ਹੰਸਰਾਜ ਦੇ ਘਰੋਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਗਿਰੋਹ ਦੇ ਹੋਰ ਅਹਿਮ ਮੈਂਬਰ ਰੀਟਾ ਤੇ ਸੰਦੀਪ ਕੌਰ ਹੁਣ ਤਕ 5 ਵਿਆਹ ਕਰ ਚੁੱਕੀਆਂ ਹਨ। ਇੱਕ ਦਿਨ ਦੀ ਲਾੜੀ ਬਣ ਕੇ ਇਹ ਲਾੜੀ ਪਹਿਲਾਂ ਮੋਟੀ ਰਕਮ ਵਿਆਹ ਦੇ ਖ਼ਰਚ ਦੇ ਨਾਂ ‘ਤੇ ਵਿਚੋਲਣ ਜ਼ਰੀਏ ਠੱਗਦੀ ਸੀ। ਬਾਅਦ ‘ਚ ਘਰ ਦੇ ਗਹਿਣੇ, ਨਕਦੀ ਆਦਿ ਲੈ ਕੇ ਬਹਾਨੇ ਨਾਲ ਫੁਰਰ ਹੋ ਜਾਂਦੀ ਸੀ। ਇਕ ਰਾਤ ਦੀ ਲਾੜੀ ਬਣ ਕੇ ਠੱਗਣ ਵਾਲੀ ਇਸ ਗੈਂਗ ਦਾ ਜਾਲ ਸਿਰਫ਼ ਪੰਜਾਬਹੀ ਨਹੀਂ ਬਲਕਿ ਰਾਜਸਥਾਨ ਤੇ ਹਰਿਆਣਾ ਤਕ ਫੈਲਿਆ ਹੋਇਆ ਹੈ।

ਪੁਲਿਸ ਨੇ ਇਸ ਗਰੋਹ ਦੇ 6 ਮੈਂਬਰਾਂ ਦੀ ਪਛਾਣ ਕਰ ਕੇ ਉਨ੍ਹਾਂ ਖ਼ਿਲਾਫ਼ ਧੋਖਾਧੜੀ ਦੇ ਕੇਸ ‘ਚ ਮਾਮਲਾ ਦਰਜ ਕਰ ਲਿਆ ਹੈ। ਜਿਨ੍ਹਾਂ ਵਿੱਚੋਂ ਅਗਵਾ ਦਾ ਡਰਾਮਾ ਕਰਨ ਵਾਲੀ ਕੋਮਲ ਉਰਫ਼ ਕੁਲਦੀਪ ਕੌਰ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਪੁਲਿਸ ਵੱਲੋਂ ਤੀਸਰੀ ਵਾਰ ਵਿਆਹ ਕਰਵਾਉਣ ਵਾਲੇ ਹਰਿਆਣਾ ਦੇ ਹੰਸਰਾਜ ਦੀ ਭੂਮਿਕਾ ਦਾ ਹਾਲੇ ਪਤਾ ਲਗਾਇਆ ਜਾ ਰਿਹਾ ਹੈ। ਅਜੇ ਤਕ ਪੁਲਿਸ ਜਾਂਚ ‘ਚ ਉਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਕਿਉਂਕਿ ਉਹ ਵਿਚੋਲਣ ਨਾਲ ਆਪਣੀ ਪਤਨੀ ਦੇ ਰੂਪ ‘ਚ ਹੀ ਕੁਲਦੀਪ ਕੌਰ ਉਰਫ਼ ਕੋਮਲ ਨੂੰ ਕਾਰ ‘ਚ ਬਿਠਾ ਕੇ ਲੈ ਗਿਆ ਸੀ।

ਹੰਸਰਾਜ ਨਾਲ ਕੁਲਦੀਪ ਕੌਰ ਦੇ ਵਿਆਹ ਖਰਚੇ ਦੇ ਰੂਪ ‘ਚ ਵਿਚੋਲਣ ਬਣੀ ਮੋਗਾ ਦੀ ਰੀਟਾ ਤੇ ਹਰਿਆਣਾ ਦੀ ਵਿਚੋਲਣ ਪ੍ਰੋਮਿਲਾ ਨੇ ੭੦ ਹਜ਼ਾਰ ਰੁਪਏ ਲਏ ਸੀ। ਜਿਸ ਵਿਚ ਰੀਟਾ ਤੋਂ ਪੰਜ ਹਜ਼ਾਰ ਰੁਪਏ ਦੀ ਨਕਦੀ, ਕੁਝ ਗਹਿਣੇ ਬਰਾਮਦ ਕੀਤੇ ਹਨ। ਪੁਲਿਸ ਇਸ ਕੇਸ ਦੀ ਜਾਂਚ ਕਰ ਰਹੀ ਹੈ ਕਿ ਉਹ ਗਹਿਣੇ ਕੁਲਦੀਪ ਕੌਰ ਆਪਣੇ ਨਵੇਂ ਪਤੀ ਹੰਸਰਾਜ ਦੇ ਘਰੋਂ ਲਿਆਈ ਸੀ। ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਖੁਲਾਸਾ ਕੀਤਾ ਕਿ ਇਹ ਗਿਰੋਹ ਬਹੁਤ ਵੱਡਾ ਹੈ। ਪੁਲਿਸ ਦੀ ਜਾਂਚ ਜਾਰੀ ਹੈ, ਇਸ ਵਿਚ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਜਾਂਚ ‘ਚ ਹੁਣ ਤਕ ਅੱਠ ਵਿਆਹ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਤਿੰਨ ਵਿਆਹ ਕੁਲਦੀਪ ਕੌਰ ਉਰਫ਼ ਕੋਮਲ ਨੇ ਕੀਤੇ ਹਨ, ਜਦੋਂਕਿ ਪੰਜ ਵਿਆਹ ਮੋਗਾ ਦੀ ਰੀਟਾ ਨੇ ਕੀਤੇ ਹਨ। ਇਸ ਗਿਰੋਹ ‘ਚ ਸ਼ਾਮਲ ਮੋਗਾ ਦੇ ਕੁਲਦੀਪ ਸਿੰਘ ਅਤੇ ਰੁਪਿੰਦਰ ਕੌਰ ਵਿਆਹ ਸਮੇਂ ਲਾੜੀ ਦੀ ਮਾਸੀ ਤੇ ਚਾਚਾ ਬਣ ਜਾਂਦੇ ਸਨ, ਬਾਕੀ ਮੈਂਬਰ ਹੋਰ ਰਿਸ਼ਤੇਦਾਰ ਬਣ ਕੇ ਵਿਆਹ ‘ਚ ਸ਼ਾਮਲ ਹੁੰਦੇ ਸਨ।

Share This :

Leave a Reply