ਜਲੰਧਰ ’ਚ ਕਾਂਗਰਸ ਛੱਡਣ ਦਾ ਰੁਝਾਨ ਤੇਜ਼

ਨਤੀਜੇ ਆਉਣ ਤੋਂ ਪਹਿਲਾਂ ਭਾਜਪਾ ’ਚ ਸ਼ਾਮਲ ਹੋਣ ਦੀ ਦੌੜ

ਜਲੰਧਰ, ਮੀਡੀਆ ਬਿਊਰੋ:

ਪੰਜਾਬ ’ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਤੋਂ ਬਾਅਦ ਵੀ ਆਗੂ ਜੋੜ-ਤੋੜ ’ਚ ਲੱਗੇ ਹੋਏ ਹਨ। ਨਵੇਂ ਟਿਕਾਣੇ ਦੀ ਤਲਾਸ਼ ’ਚ ਕਾਂਗਰਸ ਸਮੇਤ ਹੋਰ ਕਈ ਸਿਆਸੀ ਪਾਰਟੀਆਂ ਦੇ ਕੌਂਸਲਰਾਂ ਤੋਂ ਲੈ ਕੇ ਮੌਜੂਦਾ ਵਿਧਾਇਕਾਂ ਨੇ ਭਾਜਪਾ ’ਚ ਸ਼ਾਮਲ ਹੋਣ ਲਈ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਨੇਤਾ ਸਿਆਸੀ ਪੰਡਤਾਂ ਤੋਂ ਸਲਾਹ ਲੈ ਰਹੇ ਹਨ ਕਿ ਉਹ ਕਿਸ ਦੇ ਜ਼ਰੀਏ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ। ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਹੀ ਭਾਜਪਾ ’ਚ ਸ਼ਾਮਲ ਹੋਣ ਦਾ ਕ੍ਰੇਜ਼ ਸ਼ੁਰੂ ਹੋ ਗਿਆ ਸੀ ਜੋ ਹੁਣ ਵੋਟਿੰਗ ਤੋਂ ਬਾਅਦ ਸਿਖਰ ’ਤੇ ਪਹੁੰਚ ਗਿਆ ਹੈ।

ਵੋਟਿੰਗ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਪੂਰਾ ਦਿਨ ਮਹਾਨਗਰ ਦੇ ਸਿਆਸੀ ਗਲਿਆਰਿਆਂ ’ਚ ਤਿੱਖਾ ਹੰਗਾਮਾ ਹੁੰਦਾ ਰਿਹਾ। ਸਾਰੀ ਖੇਡ ਕਿਸੇ ਨਾ ਕਿਸੇ ਤਰ੍ਹਾਂ ਸੱਤਾ ’ਚ ਬਣੇ ਰਹਿਣ ਦੀ ਹੈ। ਭਾਜਪਾ ’ਚ ਸ਼ਾਮਲ ਹੋਣ ਦੇ ਚਾਹਵਾਨ ਕੌਂਸਲਰ ਅਗਲੀਆਂ ਨਗਰ ਨਿਗਮ ਚੋਣਾਂ ’ਚ ਮੇਅਰ ਬਣਨ ਦੇ ਸੁਪਨੇ ਦੇਖ ਰਹੇ ਹਨ, ਜਦੋਂ ਕਿ ਕਈ ਮਲਾਈਦਾਰ ਅਹੁਦਾ ਹਾਸਲ ਕਰਨ ਦੇ ਸੁਪਨੇ ਦੇਖ ਰਹੇ ਹਨ। ਇੱਕ ਤਰਕ ਇਹ ਵੀ ਦਿੱਤਾ ਜਾ ਰਿਹਾ ਹੈ ਕਿ ਜੇਕਰ ਚੋਣ ਨਤੀਜੇ ਐਲਾਨ ਹੋਣ ਤੋਂ ਪਹਿਲਾਂ ਭਾਜਪਾ ’ਚ ਸ਼ਾਮਲ ਹੋ ਜਾਂਦੇ ਹਨ ਤਾਂ ਨਵੀਂ ਪਾਰਟੀ ’ਚ ਇੱਜ਼ਤ ਬਰਕਰਾਰ ਰਹੇਗੀ।

ਦੇਖਦੇ ਹੀ ਦੇਖਦੇ ਕਾਂਗਰਸ ਤੇ ਹੋਰ ਸਿਆਸੀ ਪਾਰਟੀਆਂ ਦੇ ਨੇਤਾਵਾਂ ’ਚ ਭਾਜਪਾ ’ਚ ਸ਼ਾਮਲ ਹੋਣ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਇੰਟਰਨੈੱਟ ਮੀਡੀਆ ’ਤੇ ਲਗਾਤਾਰ ਪ੍ਰਤੀਕਿਰਿਆਵਾਂ ਦੇ ਰਹੀ ਹੈ। ਹੋਰ ਆਗੂ ਵੀ ਭਾਜਪਾ ’ਚ ਸ਼ਾਮਲ ਹੋਣ ’ਤੇ ਤਸੱਲੀ ਪ੍ਰਗਟ ਕਰ ਰਹੇ ਹਨ। ਹਾਲਾਂਕਿ ਚੋਣਾਂ ਤੋਂ ਬਾਅਦ ਭਾਜਪਾ ਇਸ ਸਮੇਂ ਨਵੀਂ ਸ਼ਮੂਲੀਅਤ ਨੂੰ ਲੈ ਕੇ ਕਾਫੀ ਸ਼ਾਂਤ ਨਜ਼ਰ ਆ ਰਹੀ ਹੈ। ਦੂਜੇ ਪਾਸੇ ਭਾਜਪਾ ’ਚ ਸ਼ਾਮਲ ਹੋਣ ਦੇ ਚਾਹਵਾਨ ਲੋਕ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਭਾਜਪਾ ’ਚ ਜਾਣ ਦੇ ਕ੍ਰੇਜ਼ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ’ਚ ਸੱਤਾਧਾਰੀ ਕਾਂਗਰਸ ਤੇ ਹੋਰ ਸਿਆਸੀ ਪਾਰਟੀਆਂ ਨੂੰ ਅਲਵਿਦਾ ਕਹਿਣ ਵਾਲਿਆਂ ਦੀ ਵੱਡੀ ਗਿਣਤੀ ਹੋ ਸਕਦੀ ਹੈ।

Share This :

Leave a Reply