ਇੰਗਲੈਂਡ ਅਤੇ ਵੇਲਜ਼ ‘ਚ ਵਿਆਹ ਕਰਵਾਉਣ ਦੀ ਕਾਨੂੰਨੀ ਉਮਰ ‘ਚ ਕੀਤਾ ਜਾ ਸਕਦੈ ਵਾਧਾ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਅਤੇ ਵੇਲਜ਼ ਵਿਚ ਵਿਆਹ ਕਰਾਉਣ ਲਈ ਘੱਟੋ-ਘੱਟ ਕਾਨੂੰਨੀ ਉਮਰ ਵਧਾ ਕੇ 18 ਸਾਲ ਕੀਤੀ ਜਾ ਸਕਦੀ ਹੈ। ਮੌਜੂਦਾ ਸਮੇਂ ਇੱਥੇ ਮਾਪਿਆਂ ਦੀ ਸਹਿਮਤੀ ਨਾਲ 16 ਸਾਲ ਦੇ ਬੱਚੇ ਵਿਆਹ ਕਰਵਾ ਸਕਦੇ ਹਨ। ਕੁੱਝ ਮੁਹਿੰਮਕਾਰਾਂ ਅਨੁਸਾਰ 16 ਸਾਲ ਦੀ ਉਮਰ ਵਿਆਹ ਲਈ ਬਹੁਤ ਛੋਟੀ ਹੈ ਅਤੇ ਇਸ ਨਾਲ ਲੜਕੀਆਂ ਦੀ ਇੱਛਾ ਦੇ ਵਿਰੁੱਧ ਵਿਆਹ ਕਰਨ ਅਤੇ ਜਿਨਸੀ ਸ਼ੋਸ਼ਣ ਨੂੰ ਸ਼ਹਿ ਮਿਲਦੀ ਹੈ।

ਇਸ ਸਬੰਧੀ ਸਾਬਕਾ ਚਾਂਸਲਰ ਸਾਜਿਦ ਜਾਵੇਦ ਅਗਲੇ ਹਫ਼ਤੇ ਇਕ ਪ੍ਰਾਈਵੇਟ ਮੈਂਬਰਜ਼ ਬਿੱਲ ਪੇਸ਼ ਕਰ ਰਹੇ ਹਨ, ਜਿਸ ਨਾਲ ਕਿਸੇ ਵੀ ਵਿਅਕਤੀ ਲਈ 18 ਸਾਲ ਤੋਂ ਘੱਟ ਉਮਰ ‘ਚ ਵਿਆਹ ਕਰਨਾ ਗੈਰ-ਕਾਨੂੰਨੀ ਬਣ ਜਾਵੇਗਾ।ਕਈ ਮੰਤਰੀਆਂ ਨੇ ਹਾਊਸ ਆਫ ਕਾਮਨਜ਼ ਵਿਚ ਇਸ ਬਿਲ ਦੀ ਹਮਾਇਤ ਕਰਨ ਦਾ ਸੰਕੇਤ ਦਿੱਤਾ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਇਸ ਨੂੰ ਅੰਤਰ-ਪਾਰਟੀ ਸਮਰਥਨ ਮਿਲੇਗਾ। 

ਜਾਵੇਦ ਅਨੁਸਾਰ 16 ਸਾਲ ਦੀ ਉਮਰ ਦੇ ਬੱਚਿਆਂ ਨੂੰ ਵਿਆਹ ਲਈ ਮਜ਼ਬੂਰ ਕਰਨਾ ‘ਬਾਲ ਸ਼ੋਸ਼ਣ’ ਮੰਨਿਆ ਗਿਆ ਹੈ। ਪਿਛਲੇ ਸਾਲ ਵੀ ਸੰਸਦ ਮੈਂਬਰਾਂ ਵੱਲੋਂ ਵਿਆਹ ਦੀ ਕਾਨੂੰਨੀ ਉਮਰ ਵਧਾਉਣ ਦੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਸਰਕਾਰ ਦੇਸ਼ ਵਿਚ ਬਾਲ ਵਿਆਹ ਖ਼ਤਮ ਕਰਨ ਲਈ ਅਣਥੱਕ ਮਿਹਨਤ ਕਰ ਰਹੀ ਹੈ ਅਤੇ ਫਿਰ ਵੀ ਸਾਡੇ ਆਪਣੇ ਕਾਨੂੰਨ ਬਾਲ ਵਿਆਹ ਦੀ ਆਗਿਆ ਦੇ ਰਹੇ ਹਨ। ਇਸ ਕਾਰਵਾਈ ਲਈ ਪਿਛਲੇ ਮਹੀਨੇ 20 ਤੋਂ ਵੱਧ ਸੰਗਠਨਾਂ ਨੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਵਿਚ ਲਿਖਿਆ ਸੀ ਕਿ ਮੌਜੂਦਾ ਕਾਨੂੰਨ ਨੌਜਵਾਨਾਂ ਦੀ ਰੱਖਿਆ ਨਹੀਂ ਕਰਦਾ ਅਤੇ ਵਿਆਹ ਦੀ ਇਜਾਜ਼ਤ ਦਿੰਦਾ ਹੈ, ਜਿਥੇ ਔਰਤਾਂ ਆਪਣੀ ਮਰਜ਼ੀ ਦੇ ਵਿਰੁੱਧ ਵਿਆਹ ਕਰਨ ਲਈ ਮਜ਼ਬੂਰ ਹਨ।

Share This :

Leave a Reply