
ਛਾਤੀ ‘ਚ ਦਰਦ ਦੀ ਸ਼ਿਕਾਇਤ ਹੋਣ ‘ਤੇ ਕਰਵਾਇਆ ਗਿਆ ਸੀ ਭਰਤੀ
ਚੰਡੀਗੜ੍ਹ (ਪੰਜਾਬੀ ਮੀਡੀਆ ਬਿਊਰੋ): ਪੀਜੀਆਈ ਚੰਡੀਗੜ੍ਹ ਵਿਚ ਇਲਾਜ ਅਧੀਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਹਾਲਤ ਦੂਜੇ ਦਿਨ ਵੀ ਸਥਿਰ ਬਣੀ ਹੋਈ ਹੈ। ਬਲਕੌਰ ਸਿੰਘ ਨੂੰ ਸਾਹ ਲੈਣ ਵਿਚ ਵੀ ਥੋੜ੍ਹੀ ਤਕਲੀਫ ਜ਼ਰੂਰ ਹੈ ਪਰ ਫਿਲਹਾਲ ਡਾਕਟਰ ਉਨ੍ਹਾਂ ਦੀ ਦੇਖ-ਰੇਖ ਵਿਚ ਲੱਗੇਹੋਏ ਹਨ। ਸੁਰੱਖਿਆ ਤੇ ਸਖਤ ਇੰਤਜ਼ਾਮ ਵੀ ਕੀਤੇ ਗਏ ਹਨ।

ਬਲਕੌਰ ਸਿੰਘ ਨੂੰ ਛਾਤੀ ਵਿਚ ਦਰਦ ਦੀ ਸ਼ਿਕਾਇਤ ਹੋਣ ‘ਤੇ ਪਟਿਆਲਾ ਹਾਰਟ ਇੰਸਟੀਚਿਊਟ ਵਿਚ ਭਰਤੀ ਕਰਾਇਆ ਗਿਆ ਜਿਥੇ ਉਨ੍ਹਾਂ ਨੂੰ ਤਬੀਅਤ ਜ਼ਿਆਦਾ ਖਰਾਬ ਹੋਣ ‘ਤੇ ਪੀਜੀਆਈ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੀ ਦੇਖਰੇਖ ਵਿਚ ਡਾ. ਧਰਮਵੀਰ ਗਾਂਧੀ ਤੇ ਉਨ੍ਹਾਂ ਦੀ ਟੀਮ ਲੱਗੀ ਹੋਈ ਹੈ। ਬਲੌਕਰ ਸਿੰਘ ਦਿਲ ਦੀ ਬੀਮਾਰੀ ਤੋਂ ਲੰਮੇ ਸਮੇਂ ਤੋਂ ਪੀੜਤ ਹਨ ਪਰ ਪੁੱਤ ਮੂਸੇਵਾਲਾ ਦੀ ਹੱਤਿਆ ਦੇ ਬਾਅਦ ਉਹ ਖੁਦ ਨੂੰ ਭੁੱਲ ਉਸ ਨੂੰ ਨਿਆਂ ਦਿਵਾਉਣ ਲਈ ਸੰਘਰਸ਼ ਕਰ ਰਹੇ ਹਨ। ਪੁੱਤ ਦੀ ਮੌਤ ਨਾਲ ਬਲਕੌਰ ਸਿੰਘ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਵੱਡਾ ਧੱਕਾ ਲੱਗਾ ਹੈ।
ਮੂਸੇਵਾਲਾ ਦੀ ਹੱਤਿਆ ਦੇ ਬਾਅਦ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਦੀ ਸਿਹਤ ਖਰਾਬ ਰਹਿਣ ਲੱਗੀ ਹੈ। ਜਵਾਨ ਬੇਟੇ ਦੀ ਮੌਤ ਨੇ ਉਨ੍ਹਾਂ ਨੂੰ ਅੰਦਰ ਤੋਂ ਤੋੜ ਕੇ ਰੱਖ ਦਿੱਤਾ ਹੈ। ਉਹ ਆਪਣੇ ਬੇਟੇ ਨੂੰ ਇਨਸਾਫ ਦਿਵਾਉਣ ਅਤੇ ਉਸ ਦੇ ਕਾਤਲਾਂ ਨੂੰ ਸਜ਼ਾ ਦੇਣ ਲਈ ਸਰਕਾਰ ਤੋਂ ਲਗਾਤਾਰ ਗੁਹਾਰ ਲਗਾ ਰਹੇ ਹਨ।