IMD Alert : ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ‘ਚ ਮੀਂਹ ਦੀ ਸੰਭਾਵਨਾ, ਫਰਵਰੀ ਮਹੀਨਾ ਵੀ ਰਹੇਗਾ ਠੰਢ

ਨਵੀਂ ਦਿੱਲੀ, ਮੀਡੀਆ ਬਿਊਰੋ:

ਸਾਲ 2022 ਦਾ ਦੂਸਰਾ ਮਹੀਨਾ ਫਰਵਰੀ ਵੀ ਠੰਡਾ ਰਹੇਗਾ। ਮੌਸਮ ਵਿਭਾਗ ਨੇ ਸੋਮਵਾਰ ਨੂੰ ਜਾਰੀ ਕੀਤੀ ਆਪਣੀ ਭਵਿੱਖਬਾਣੀ ਵਿੱਚ ਕਿਹਾ ਹੈ ਕਿ ਫਰਵਰੀ ਵਿੱਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਪੰਜਾਬ ਅਤੇ ਹਰਿਆਣਾ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਵੱਲੋਂ ਮਾਸਿਕ ਭਵਿੱਖਬਾਣੀ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਨੂੰ ਛੱਡ ਕੇ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਜਾਂ ਆਮ ਨਾਲੋਂ ਘੱਟ ਮੀਂਹ ਪੈ ਸਕਦਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਫਰਵਰੀ 2022 ਚ ਉੱਤਰ-ਪੂਰਬੀ ਭਾਰਤ ਦੇ ਪੂਰਬੀ ਹਿੱਸੇ, ਦੱਖਣੀ ਭਾਰਤ ਦੇ ਟਾਪੂਆਂ ਤੇ ਮੱਧ ਭਾਰਤ ਦੇ ਦੱਖਣ-ਪੂਰਬੀ ਹਿੱਸੇ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਖੇਤਰਾਂ ‘ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਘੱਟ ਰਹੇਗਾ। ਇਨ੍ਹਾਂ ਖੇਤਰਾਂ ‘ਚ ਤਾਪਮਾਨ ਆਮ ਜਾਂ ਇਸ ਤੋਂ ਵੱਧ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਇਸ ਸਮੇਂ ਧਰੁਵੀ ਪ੍ਰਸ਼ਾਂਤ ‘ਚ ਕਮਜ਼ੋਰ ਲਾ-ਨੀਨਾ ਹਾਲਾਤ ਸਰਗਰਮ ਹਨ।

ਭਿਆਨਕ ਠੰਢ ਦਾ ਸੰਕੇਤ ਹੈ ਲਾ-ਨੀਨਾ

ਲਾ-ਨੀਲਾ ਇੱਕ ਮੌਸਮੀ ਵਰਤਾਰਾ ਹੈ ਜਿਸ ਨੂੰ ਬਹੁਤ ਜ਼ਿਆਦਾ ਠੰਢ ਨਾਲ ਜੋੜਿਆ ਜਾਂਦਾ ਹੈ। ਵਿਭਾਗ ਨੇ ਕਿਹਾ ਕਿ ਤਾਜ਼ਾ ਮੌਨਸੂਨ ਮਿਸ਼ਨ ਕਲਾਈਮੇਟ ਫੋਰਕਾਸਟ ਸਿਸਟਮ ਅਨੁਮਾਨ ਦਰਸਾਉਂਦਾ ਹੈ ਕਿ ਉੱਤਰੀ ਗੋਲਾਰਧ ‘ਚ ਬਸੰਤ ਰੁੱਤ ਤੋਂ ਲਾ-ਨੀਨਾ ਕਮਜ਼ੋਰ ਹੋਣਾ ਸ਼ੁਰੂ ਹੋ ਜਾਵੇਗਾ। ਇਹ 2022 ਦੀ ਦੂਜੀ ਤਿਮਾਹੀ ਦੌਰਾਨ ਨਿਰਪੱਖ ਸਥਿਤੀ ‘ਚ ਪਹੁੰਚੇਗਾ।

ਸਰਕਾਰੀ ਯਤਨਾਂ ਸਦਕਾ 96 ਸ਼ਹਿਰਾਂ ‘ਚ ਹਵਾ ਦੀ ਗੁਣਵੱਤਾ ਸੁਧਰੀ

ਸਰਕਾਰ ਵੱਲੋਂ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਚੁੱਕੇ ਗਏ ਕਦਮਾਂ ਨਾਲ ਦੇਸ਼ ਭਰ ਦੇ 96 ਸ਼ਹਿਰਾਂ ‘ਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ। ਆਰਥਿਕ ਸਰਵੇਖਣ ‘ਚ ਕਿਹਾ ਗਿਆ ਹੈ ਕਿ ਸਰਕਾਰ ਨੇ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਅਤੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ FAME ਸਕੀਮ ਦੇ ਦੂਜੇ ਪੜਾਅ ਨੂੰ 1 ਅਪ੍ਰੈਲ, 2019 ਨੂੰ ਮਨਜ਼ੂਰੀ ਦਿੱਤੀ ਸੀ। ਪੰਜ ਸਾਲਾਂ ਦੀ ਮਿਆਦ ਵਾਲੀ ਇਸ ਯੋਜਨਾ ਤਹਿਤ 10 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣੇ ਹਨ। ਲਗਪਗ 86 ਫੀਸਦ ਫੰਡ ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਖਰਚ ਕੀਤਾ ਜਾਣਾ ਹੈ।

ਆਰਥਿਕ ਸਰਵੇਖਣ ‘ਚ ਕਿਹਾ ਗਿਆ ਹੈ ਕਿ ਯੋਜਨਾ ਦਾ ਉਦੇਸ਼ 7,090 ਈ-ਬੱਸਾਂ, 5 ਲੱਖ ਈ-ਥ੍ਰੀ-ਵ੍ਹੀਲਰ, 55,000 ਈ-ਕਾਰਾਂ ਤੇ 10 ਲੱਖ ਈ-ਟੂ-ਵ੍ਹੀਲਰਸ ਦੇ ਉਤਪਾਦਨ ਨੂੰ ਸਮਰਥਨ ਦੇ ਕੇ ਇਲੈਕਟ੍ਰਿਕ ਵਾਹਨਾਂ ਦੀ ਮੰਗ ਪੈਦਾ ਕਰਨਾ ਹੈ। ਸਰਵੇਖਣ ‘ਚ ਕਿਹਾ ਗਿਆ ਹੈ ਕਿ ਇਲੈਕਟ੍ਰਿਕ ਵਾਹਨਾਂ ਲਈ ਪਰਮਿਟ ਦੀ ਜ਼ਰੂਰਤ ਨੂੰ ਹਟਾ ਦਿੱਤਾ ਗਿਆ ਹੈ। ਸਰਕਾਰ ਵੱਲੋਂ ਚੁੱਕੇ ਗਏ ਇਨ੍ਹਾਂ ਕਦਮਾਂ ਦੇ ਨਤੀਜੇ ਵਜੋਂ 96 ਸ਼ਹਿਰਾਂ ‘ਚ 2019-20 ਦੇ ਮੁਕਾਬਲੇ 2020-21 ਵਿੱਚ ਪੀਐਮ (ਪਾਰਟੀਕੁਲੇਟ ਮੈਟਰ) 10 ਵਿਚ ਕਮੀ ਆਈ ਹੈ।

Share This :

Leave a Reply