ਨਜਾਇਜ਼ ਕੱਢੇ ਕਿਰਤੀਆਂ ਨੇ ADC ਨੂੰ ਮੰਗ ਪੱਤਰ ਸੌਂਪਿਆ

ਖੰਨਾ (ਪਰਮਜੀਤ ਸਿੰਘ ਧੀਮਾਨ) –  ਇਥੋਂ ਦੀ ਇਕ ਲਿਨਫੌਕਸ ਕੰਪਨੀ ਵਿਚੋਂ ਨਜਾਇਜ਼ ਕੱਢੇ ਕਿਰਤੀਆਂ ਨੇ ਮਾਮਲੇ ਦੀ ਜਾਂਚ ਅਤੇ ਕਿਰਤੀਆਂ ਦੀਆਂ ਹੱਕੀਂ ਮੰਗਾਂ ਨੂੰ ਤੁਰੰਤ ਹੱਲ ਲਈ ਇਥੋਂ ਦੇ ਤਹਿਸੀਲਦਾਰ ਨਵਦੀਪ ਸਿੰਘ ਤੇ ਏਡੀਸੀ ਸਕੱਤਰ ਸਿੰਘ ਬੱਲ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਪ੍ਰਧਾਨ ਮਲਕੀਤ ਸਿੰਘ ਨੇ ਦੱਸਿਆ ਕਿ ਕਰੀਬ ਇਕ ਮਹੀਨੇ ਤੋਂ 8 ਰੈਗੂਲਰ ਕਰਮਚਾਰੀ ਨੌਕਰੀ ਤੋਂ ਨਜਾਇਜ਼ ਕੱਢੇ ਹੋਏ ਹਨ, ਕੰਮ ਕਰਦੇ ਸਮੂਹ (ਕੱਚੇ-ਪੱਕੇ) ਸੈਂਕੜੇ ਕਾਮਿਆਂ ਦੀ 10 ਦਿਨਾਂ ਦੀ ਤਨਖਾਹ ’ਚ ਕਟੌਤੀ ਕੀਤੀ ਗਈ ਅਤੇ ਜੱਥੇਬੰਦ ਹੋਣ ਦੇ ਸੰਵਿਧਾਨਕ ਤੇ ਜਮਹੂਰੀ ਅਧਿਕਾਰਾਂ ਨੂੰ ਖਤਮ ਕਰਕੇ ਕੰਪਨੀ ਨੇ ਸ਼ਰਤਨਾਮੇ ਤੇ ਦਸਤਖ਼ਤ ਕਰਵਾ ਕੇ ਹੋਰ ਨਿਗੁਣੀਆਂ ਤਨਖਾਹਾਂ ਤੇ ਨਵੀਂ ਭਰਤੀ ਦਾ ਅਮਲ ਸ਼ੁਰੂ ਕੀਤਾ ਹੋਇਆ ਹੈ। ਜਿਸ ਦੀ ਸ਼ਿਕਾਇਤ ਪਹਿਲਾਂ ਵੀ ਕਿਰਤ ਵਿਭਾਗ ਕੋਲ ਕੀਤੀ ਹੋਣ ਦੇ ਬਾਵਜੂਦ ਜਾਣ ਬੁੁੱਝ ਕੇ ਇਨਕੁਆਰੀ ਦੇ ਨਾਂਅ ਤੇ ਕਿਰਤੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਮੰਗ ਕੀਤੀ ਕਿ ਕੰਪਨੀ ਵੱਲੋਂ ਸਸਪੈਂਡ ਕੀਤੇ ਕਾਮਿਆਂ ਦੇ ਮਾਮਲੇ ਦੀ ਜਾਂਚ ਲੁਧਿਆਣਾ ਅਦਾਲਤੀ ਕੰਪਲੈਕਸ ਦੀ ਥਾਂ ਕੰਪਨੀ ਜਾਂ ਖੰਨਾ ਸ਼ਹਿਰ ਵਿਚ ਕੀਤੀ ਜਾਵੇ ਤਾਂ ਕਿ ਪਹਿਲਾ ਹੀ ਰੋਜ਼ੀ ਰੋਟੀ ਤੋਂ ਮੁਹਤਾਜ ਹੋਏ ਕਾਮੇ ਖੱਜਲ ਖੁਆਰੀ ਤੋਂ ਬਚ ਸਕਣ। ਹਰਜਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੰਪਨੀ ਪ੍ਰਬੰਧਕਾਂ ਨੇ ਮਜ਼ਦੂਰਾਂ ਦੀਆਂ ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ ਤਾਂ ਉਹ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਘਰਸ਼ ਕਰਨਗੇ, ਜਿਸ ਦੀ ਜ਼ੁੰਮੇਵਾਰੀ ਕੰਪਨੀ ਪ੍ਰਬੰਧਕਾਂ ਦੀ ਹੋਵੇਗੀ। ਇਸ ਮੌਕੇ ਏਡੀਸੀ ਬੱਲ ਨੇ ਤੁਰੰਤ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਇਨਸਾਫ਼ ਲਈ ਲਿਖ ਕੇ ਭੇਜਣ ਦਾ ਭਰੋਸਾ ਦਿਵਾਇਆ।

Share This :

Leave a Reply